Latest News

ਸਿੱਧੂ ਵੱਲੋਂ ਅਵਾਜ਼-ਇ-ਪੰਜਾਬ ਮੋਰਚੇ ਦਾ ਐਲਾਨ, ਭਾਜਪਾ ਨੂੰ ਦੱਸਿਆ ਆਪਣੀ ਪਾਰਟੀ

Published on 08 Sep, 2016 11:51 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਰਾਜ ਸਭਾ ਦੀ ਮੈਂਬਰੀ ਛੱਡਣ ਵਾਲੇ ਭਾਜਪਾ ਦੇ ਸਾਬਕਾ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਆਵਾਜ਼-ਏ-ਪੰਜਾਬ ਨਾਂਅ ਦਾ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਇੱਕ ਨਵਾਂ ਮੋਰਚਾ ਖੜਾ ਕਰਨ ਦਾ ਐਲਾਨ ਕਰਦਿਆਂ ਨਵਜੋਤ ਸਿੱਧੂ ਨੇ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਜੰਮ ਕੇ ਹਮਲਾ ਬੋਲਿਆ।
ਬਾਦਲ ਸਰਕਾਰ ਉੱਪਰ ਆਪਣੇ ਅੰਦਾਜ਼ 'ਚ ਟਕੋਰ ਕਰਦਿਆਂ ਸਿੱਧੂ ਨੇ ਕਿਹਾ ਕਿ ਕਾਲੇ ਬੱਦਲ ਮੰਡਰਾ ਰਹੇ ਹਨ, ਸੂਰਜ ਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕਾਲੇ ਬੱਦਲ ਚੀਰ ਕੇ ਹੁਣ ਸੂਰਜ ਨਿਕਲਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮੌਸਮ ਬਦਲਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਜੋ ਨਕਾਬ ਬਦਲਣ ਦੇ ਮਾਹਿਰ ਹਨ, ਉਨ੍ਹਾਂ ਦਾ ਜਨਾਜ਼ਾ ਧੂਮ-ਧੜੱਕੇ ਨਾਲ ਨਿਕਲਣਾ ਚਾਹੀਦਾ ਹੈ। ਮੋਰਚੇ ਦੇ ਏਜੰਡੇ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਅਗਲੇ 15 ਦਿਨਾਂ ਅੰਦਰ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਹਰਾ ਵੀ ਦਿੱਤਾ। ਉਨ੍ਹਾਂ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੀ ਜਨਤਾ ਹੁਣ ਸੂਬੇ 'ਚ ਸਰਕਾਰ ਬਦਲਣਾ ਚਾਹੁੰਦੀ ਹੈ।
ਉਨ੍ਹਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਸਿਰਫ ਇੱਕ ਮਸ਼ਹੂਰ ਪਰਵਾਰਵਾਦ ਦਾ ਰਾਜ ਹੈ, ਜਿਸ ਨੇ ਸੂਬੇ 'ਚ ਤਬਾਹੀ ਮਚਾਉਣ 'ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੰਜਾਬੀਅਤ ਨਾਲ ਭਰੇ ਸੱਚੇ ਅਤੇ ਇਮਾਨਦਾਰ ਲੋਕਾਂ ਦੀ ਸਖਤ ਲੋੜ ਹੈ ਤੇ ਆਵਾਜ਼-ਏ-ਪੰਜਾਬ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰੇਗੀ, ਜਦਕਿ ਬਾਕੀ ਫੈਸਲੇ ਪੰਜਾਬ ਦੇ ਲੋਕ ਖੁਦ ਤੈਅ ਕਰਨਗੇ।
ਸਿੱਧੂ ਨੇ ਪਾਰਟੀ ਦੇ ਰਵਾਇਤੀ ਉਦਘਾਟਨ 'ਤੇ ਕਿਹਾ ਕਿ ਆਵਾਜ਼-ਏ-ਪੰਜਾਬ ਇੱਕ ਇਨਕਲਾਬੀ ਆਵਾਜ਼ ਹੈ। ਅਸੀਂ ਪੰਜਾਬ ਨੂੰ ਬਚਾਉਣ ਲਈ ਆਏ ਹਾਂ। ਲੋਕਾਂ ਨੇ ਪੰਜਾਬ ਨੂੰ ਨਸ਼ੇ ਦਾ ਦਰਿਆ ਬਣਾ ਦਿੱਤਾ ਹੈ, ਅਨਾਜ ਦੇਣ ਵਾਲੇ ਪੰਜਾਬ ਨੂੰ ਭਿਖਾਰੀ ਬਣਾ ਦਿੱਤਾ ਗਿਆ ਹੈ। ਹੁਣ ਪੰਜਾਬ ਬਦਲਾਵ ਚਾਹੁੰਦਾ ਹੈ। ਸਿੱਧੂ ਨੇ ਕਿਹਾ ਕਿ ਭਾਰਤ 'ਚ ਇੱਕ ਪਰੰਪਰਾ ਹੈ ਕਿ ਚੰਗੇ ਲੋਕਾਂ ਨੂੰ ਸਜਾਵਟ ਵਜੋਂ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਵਰਤੋਂ ਸਿਰਫ ਪ੍ਰਚਾਰ ਲਈ ਕੀਤੀ ਜਾਂਦੀ ਹੈ। ਪੰਜਾਬ 'ਚ ਇੱਕੋ ਪਰਵਾਰ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਚੰਗੇ ਲੋਕਾਂ ਦਾ ਉਨ੍ਹਾਂ ਦੀ ਪਾਰਟੀ 'ਚ ਸਵਾਗਤ ਹੈ। ਉਨ੍ਹਾਂ ਕਿਹਾ ਕਿ ਮੇਰਾ ਰਾਜ ਸਭਾ 'ਚ ਹੋਣਾ ਨਾ ਹੋਣਾ ਇੱਕੋ ਬਰਾਬਰ ਸੀ ਅਤੇ ਮੇਰੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਦਾ ਕੁੱਝ ਲੈਣਾ-ਦੇਣਾ ਨਹੀਂ।
ਆਪਣੇ ਹਸਮੁੱਖ ਅਤੇ ਤੇਜ਼ਤਰਾਰ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ 'ਆਪ' ਮੁਖੀ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਨਾਲ ਹਮੇਸ਼ਾ ਅੱਧਾ ਸੱਚ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਦੇ ਨਾਂਅ ਵੱਡਾ ਤੇ ਕੰਮ ਛੋਟੇ ਹਨ, ਕਿਉਂਕਿ ਕੇਜਰੀਵਾਲ ਨੇ ਮੈਨੂੰ ਕਿਹਾ ਕਿ ਤੁਸੀਂ ਸਿਰਫ ਪਾਰਟੀ ਦਾ ਪ੍ਰਚਾਰ ਕਰੋ ਤੇ ਘਰਵਾਲੀ ਨੂੰ ਚੋਣ ਲੜਵਾਓ, ਉਨ੍ਹਾਂ ਨੂੰ ਅਸੀਂ ਮੰਤਰੀ ਬਣਾ ਦੇਵਾਂਗੇ, ਦਾ ਲਾਲਚ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਇਮਾਨਦਾਰ ਵਿਅਕਤੀ ਸਮਝਦੇ ਹਨ ਤੇ ਜੇਕਰ ਕੋਈ ਉਨ੍ਹਾਂ ਦੀ ਕਿਸੇ ਕਾਰਵਾਈ 'ਤੇ ਉਂਗਲ ਚੁੱਕਦਾ ਹੈ ਤਾਂ ਸਾਹਿਬ ਨੂੰ ਬਰਦਾਸ਼ਤ ਨਹੀਂ ਹੁੰਦਾ। ਸਿੱਧੂ ਨੇ ਕਿਹਾ ਕਿ ਅਸਲ 'ਚ ਕੇਜਰੀਵਾਲ ਨੂੰ ਸਿਰਫ ਹਾਂ 'ਚ ਹਾਂ ਮਿਲਾਉਣ ਵਾਲੇ ਆਗੂ ਹੀ ਪਸੰਦ ਹਨ ਤੇ ਜੇਕਰ ਕੋਈ ਨਾਂਹ ਕਰੇ ਤਾਂ ਪਾਰਟੀ ਜਾਂ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਆਵਾਜ਼-ਏ-ਪੰਜਾਬ ਫਰੰਟ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਹਿੱਤ 'ਚ ਫੈਸਲਾ ਕਰਾਂਗੇ ਤੇ ਬਾਕੀ ਫੈਸਲੇ ਪੰਜਾਬੀਆਂ 'ਤੇ ਛੱਡੇ। ਉਨ੍ਹਾਂ ਕਿਹਾ ਕਿ ਆਵਾਜ਼-ਏ-ਪੰਜਾਬ ਪਾਰਟੀ ਨਹੀਂ ਇਕ ਫ਼ੋਰਮ ਹੈ ਤੇ ਇਸ ਸੰਬੰਧੀ ਸਾਰੀ ਵਿਸਥਾਰ ਜਾਣਕਾਰੀ ਅਗਲੇ 15 ਦਿਨਾਂ 'ਚ ਸਪੱਸ਼ਟ ਕਰ ਦਿੱਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਈ ਵਾਰੀ ਭਾਜਪਾ ਨੂੰ ਆਪਣੀ ਪਾਰਟੀ ਦੱਸਿਆ ਤੇ ਭਾਜਪਾ ਦੇ ਕਿਸੇ ਆਗੂ ਵਿਰੁੱਧ ਕੋਈ ਕੌੜਾ ਸ਼ਬਦ ਨਹੀਂ ਬੋਲਿਆ।ਸਿੱਧੂ ਨੇ ਭਾਜਪਾ ਛੱਡਣ ਦਾ ਐਲਾਨ ਵੀ ਨਹੀਂ ਕੀਤਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਤੇ ਬੈਂਸ ਭਰਾ ਵੀ ਮੌਜੂਦ ਸਨ।

684 Views

e-Paper