ਖਤਰਨਾਕ ਬਦਮਾਸ਼ ਦਵਿੰਦਰ ਬੰਬੀਹਾ ਪੁਲਸ ਮੁਕਾਬਲੇ 'ਚ ਮਾਰਿਆ ਗਿਆ

ਬਠਿੰਡਾ (ਬਖਤੌਰ ਢਿੱਲੋਂ)
ਬਦਮਾਸ਼ਾਂ ਦੇ ਇੱਕ ਅੰਤਰਰਾਜੀ ਗਰੋਹ ਨਾਲ ਹੋਏ ਮੁਕਾਬਲੇ ਦੌਰਾਨ ਜ਼ਿਲ੍ਹਾ ਪੁਲਸ ਨੇ ਦਵਿੰਦਰ ਸ਼ੂਟਰ ਨਾਂਅ ਦੇ ਇੱਕ ਖਤਰਨਾਕ ਅਪਰਾਧੀ ਨੂੰ ਮਾਰ ਮਕਾਇਆ, ਜ਼ਖਮੀ ਹੋ ਚੁੱਕੇ ਉਸ ਦੇ ਸਾਥੀ ਤਾਰਾ ਦੁਸਾਂਝ ਨੂੰ ਗ੍ਰਿਫਤਾਰ ਕਰ ਲਿਆ, ਜਦ ਕਿ ਤੀਜੇ ਦੀ ਤਲਾਸ਼ ਲਈ ਅਪਰੇਸ਼ਨ ਜਾਰੀ ਹੈ। ਸ਼ੁੱਕਰਵਾਰ ਸਵੇਰੇ ਵੱਡੇ ਤੜਕੇ ਸੀ ਆਈ ਏ ਸਟਾਫ ਦੀ ਇੱਕ ਟੀਮ ਨੇ ਫੂਲ ਇਲਾਕੇ ਦੀ ਗਿੱਲ ਕਲਾਂ ਸੜਕ 'ਤੇ ਸਥਿਤ ਇੱਕ ਢਾਣੀ ਨੂੰ ਘੇਰਾ ਪਾ ਲਿਆ। ਬਠਿੰਡਾ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲਸ ਐੱਸ ਕੇ ਅਸਥਾਨਾ ਦੇ ਦਾਅਵੇ ਅਨੁਸਾਰ ਦਿਨ ਚੜ੍ਹਣ 'ਤੇ ਚਿੱਟੇ ਰੰਗ ਦੀ ਇੱਕ ਹਾਂਡਾ ਸਿਟੀ ਕਾਰ ਜਦ ਉਕਤ ਢਾਣੀ ਤੋਂ ਪੱਕੀ ਸੜਕ ਵੱਲ ਆਉਣ ਲੱਗੀ, ਤਾਂ ਪੁਲਸ ਪਾਰਟੀ ਨੇ ਉਸ ਨੂੰ ਘੇਰੇ ਵਿੱਚ ਲੈ ਲਿਆ। ਆਈ ਜੀ ਅਨੁਸਾਰ ਕਾਰ ਸਵਾਰ ਨੌਜਵਾਨਾਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਉਂ ਹੀ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਉਹ ਕਾਰ 'ਚੋਂ ਨਿਕਲ ਕੇ ਦਰੱਖਤਾਂ ਦੀ ਆੜ ਵਿੱਚ ਹੋ ਗਏ।
ਸ੍ਰੀ ਅਸਥਾਨਾ ਅਨੁਸਾਰ ਉਥੋਂ ਵੀ ਉਹਨਾਂ ਪੁਲਸ 'ਤੇ ਫਾਇਰਿੰਗ ਜਾਰੀ ਰੱਖੀ, ਚਿਤਾਵਨੀ ਦੇ ਬਾਵਜੂਦ ਜਦ ਉਹਨਾਂ ਆਤਮ ਸਮਰਪਣ ਨਾ ਕੀਤਾ ਤਾਂ ਪੁਲਸ ਵੱਲੋਂ ਚਲਾਈ ਗੋਲੀ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਕੇ ਡਿੱਗ ਪਿਆ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬੰਬੀਹਾ ਦੇ ਦਵਿੰਦਰ ਸ਼ੂਟਰ ਵਜੋਂ ਹੋਈ ਹੈ। ਦਵਿੰਦਰ ਸ਼ੂਟਰ ਇੱਕ ਅਜਿਹਾ ਖਤਰਨਾਕ ਅਪਰਾਧੀ ਸੀ, ਜੋ ਪੰਜਾਬ, ਹਰਿਆਣਾ ਅਤੇ ਕਈ ਹੋਰ ਰਾਜਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਸ੍ਰੀ ਅਸਥਾਨਾ ਅਨੁਸਾਰ ਉਸ ਵਿਰੁੱਧ ਕਤਲਾਂ ਦੇ 6 ਮੁਕੱਦਮੇ, ਇਰਾਦਾ ਕਤਲ ਦੇ 7, ਡਕੈਤੀ ਦਾ ਇੱਕ, ਅਸਲਾ ਐਕਟ ਦੇ 8 ਅਤੇ ਲੜਾਈ-ਝਗੜੇ ਦੇ 4 ਮੁਕੱਦਮੇ ਦਰਜ ਹਨ।
ਆਈ ਜੀ ਦੇ ਦਾਅਵੇ ਅਨੁਸਾਰ ਤਾਰਾ ਦੁਸਾਂਝ ਨਾਂਅ ਦੇ ਦੂਜੇ ਅਪਰਾਧੀ ਜਿਸ ਵਿਰੁੱਧ ਕਤਲਾਂ ਦੇ 2 ਡਕੈਤੀ ਅਤੇ ਅਸਲਾ ਐਕਟ ਦੇ ਚਾਰ ਚਾਰ ਅਤੇ ਲੜਾਈ-ਝਗੜੇ ਦੇ ਤਿੰਨ ਮੁਕੱਦਮੇ ਦਰਜ ਹਨ, ਨੂੰ ਡੀ ਐੱਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਅਤੇ ਡੀ ਅੱੈਸ ਪੀ ਸਿਟੀ-2 ਯੋਗੇਸ਼ ਸ਼ਰਮਾ ਦੀ ਅਗਵਾਈ ਹੇਠਲੀ ਇੱਕ ਹੋਰ ਪੁਲਸ ਪਾਰਟੀ ਨੇ ਪਿੰਡ ਫੂਲ ਤੋਂ ਬੁਰਜ ਮਾਨਸ਼ਾਹੀਆ ਨੂੰ ਜਾਣ ਵਾਲੀ ਸੜਕ ਦੇ ਨੇੜੇ ਝੋਨੇ ਦੇ ਇੱਕ ਖੇਤ 'ਚੋਂ ਗ੍ਰਿਫਤਾਰ ਕਰ ਲਿਆ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਤਾਰਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਸੀ੍ਰ ਅਸਥਾਨਾ ਨੇ ਦੱਸਿਆ ਕਿ ਗਰੋਹ ਦੇ ਤੀਜੇ ਮੈਂਬਰ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀ ਵੱਲੋਂ ਉਸ ਇਲਾਕੇ ਵਿੱਚ ਅਪਰੇਸਨ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਗਰੋਹ ਤੋਂ 30 ਬੋਰ ਦੇ ਦੋ ਅਤੇ 9 ਐੱਮ ਐੱਮ ਦਾ ਇੱਕ ਪਿਸਟਲ, 32 ਬੋਰ ਦਾ ਇੱਕ ਰਿਵਾਲਵਰ, 30 ਬੋਰ ਦੇ 85 ਜ਼ਿੰਦਾ ਕਾਰਤੂਸ, ਇੱਕ ਲੈਪਟਾਪ, ਦੋ ਮੋਬਾਇਲ ਫੋਨ, ਕਈ ਜਾਲ੍ਹੀ ਡਰਾਇਵਿੰਗ ਲਾਇਸੰਸ ਅਤੇ ਇੱਕ ਫ਼ਰਜ਼ੀ ਸ਼ਨਾਖਤੀ ਕਾਰਡ ਬਰਾਮਦ ਹੋ ਚੁੱਕਾ ਹੈ। ਸ੍ਰੀ ਅਸਥਾਨਾ ਨੇ ਦੱਸਿਆ ਕਿ ਇਸ ਗਰੋਹ ਨੂੰ ਪਨਾਹ ਦੇਣ ਵਾਲਾ ਸ਼ਖ਼ਸ ਤਾਂ ਫਰਾਰ ਹੋ ਗਿਐ, ਲੇਕਿਨ ਉਹਨਾ ਦੇ ਪਰਵਾਰ ਦੇ ਚਾਰ ਹੋਰ ਮੈਂਬਰਾਂ ਨੂੰ ਰਾਊਂਡਅੱਪ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ ਤਾਰਾ ਦੀ ਮਾਂ ਅਤੇ ਮਾਸੀ ਵੀ ਹੈ। ਪਤਾ ਲੱਗਾ ਹੈ ਕਿ ਪਨਾਹ ਵਾਲਾ ਘਰ ਤਾਰਾ ਦੀ ਮਾਸੀ ਦਾ ਹੀ ਸੀ।
ਮੁਕਾਬਲਾ ਅਸਲੀ ਹੈ ਜਾਂ ਫ਼ਰਜ਼ੀ ਇਹ ਜਾਣਨ ਲਈ ਇਸ ਤੱਥ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਕਿ ਮਾਰੇ ਜਾ ਚੁੱਕੇ ਜਿਸ ਦਵਿੰਦਰ ਸ਼ੂਟਰ ਦਾ ਨਾਂਅ ਸੁੱਖਾ ਕਾਹਲਵਾਂ ਕਤਲ ਕਾਂਡ ਤੋਂ ਲੈ ਕੇ ਹਾਲ ਹੀ ਵਿੱਚ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਵਿੱਚ ਹੋਈ ਭਿਆਨਕ ਗੈਂਗਵਾਰ ਨਾਲ ਹੀ ਸੰਬੰਧਤ ਹੋਣ ਤੋਂ ਇਲਾਵਾ ਉਸ ਦੀਆਂ ਸਰਗਰਮੀਆਂ ਨੇ ਸਮੁੱਚੇ ਰਾਜ ਦੀ ਪੁਲਸ ਨੂੰ ਵਖਤ ਪਾਇਆ ਹੋਇਆ ਸੀ। ਉਸ ਵੱਲੋਂ ਕੀਤੀ ਭਿਆਨਕ ਗੋਲੀਬਾਰੀ ਦੀ ਬਦੌਲਤ ਪੁਲਸ ਦੇ ਕਿਸੇ ਵੀ ਮੁਲਾਜ਼ਮ ਨੂੰ ਝਰੀਟ ਤੱਕ ਕਿਉਂ ਨਾ ਆਈ?
ਰਾਮਪੁਰਾ ਫੂਲ ਤੋਂ ਰਾਜ ਕੁਮਾਰ ਜੋਸ਼ੀ ਦੀ ਰਿਪੋਰਟ : ਨੇੜੇ ਦੇ ਕਸਬਾ ਫੂਲ ਟਾਊਨ ਵਿਖੇ ਅੱਜ ਸਵੇਰ ਛੇ ਵਜੇ ਦੇ ਕਰੀਬ ਕਈ ਦਰਜਨ ਪੁਲਸ ਮੁਲਾਜ਼ਮਾਂ ਨਾਲ ਬਦਮਾਸ਼ਾਂ ਦੇ ਗਹਿਗੱਚ ਮੁਕਾਬਲੇ ਦੌਰਾਨ ਪੰਜਾਬ ਦਾ ਨਾਮੀ ਬਦਮਾਸ਼ ਦਵਿੰਦਰ ਬੰਬੀਹਾ ਮਾਰਿਆ ਗਿਆ, ਜਿਸ ਦਾ ਇੱਕ ਸਾਥੀ ਤਾਰੀ ਦੁਸਾਂਝ ਪੁਲਸ ਦੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀਂ ਹੋ ਗਿਆ ਅਤੇ ਇੱਕ ਸਾਥੀ ਭੱਜਣ 'ਚ ਸਫਲ ਰਿਹਾ।
ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਐਸ ਐਸ ਪੀ ਸਵੱਪਨ ਸ਼ਰਮਾ ਦੀ ਅਗਵਾਈ ਵਿੱਚ ਸੀ ਆਈ ਸਟਾਫ ਬਠਿੰਡਾ ਦੀਆਂ ਦੋ ਟੀਮਾਂ ਨੇ ਮਿਲੀ ਪੱਕੀ ਸੂਹ ਦੇ ਆਧਾਰ 'ਤੇ ਫੂਲ ਪਿੰਡ ਦੇ ਗਿੱਲ ਕਲਾਂ ਰੋਡ 'ਤੇ ਸਥਿਤ ਮਾਨਾਂ ਦੇ ਇੱਕ ਘਰ ਵਿੱਚ ਛਾਪਾ ਮਾਰਿਆ। ਛਾਪੇ ਉਪਰੰਤ ਤਿੰਨੇ ਬਦਮਾਸ਼ਾਂ ਨੇ ਅੱਗੋਂ ਪੁਲਸ 'ਤੇ ਫਾਇਰਿੰਗ ਕੀਤੀ ਤੇ ਨੇੜਲੇ ਖੇਤਾਂ 'ਚ ਭੱਜਣ ਲੱਗੇ।
ਪੁਲਸ ਨੇ ਮੁਕਾਬਲੇ ਦੌਰਾਨ ਆਪਣਾ ਬਚਾਅ ਕਰਦਿਆਂ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਦਵਿੰਦਰ ਬੰਬੀਹਾਂ ਜ਼ਖਮੀ ਹੋ ਕੇ ਝੋਨੇ ਦੇ ਖੇਤਾਂ ਵਿੱਚ ਡਿੱਗ ਪਿਆ, ਜਿਸ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਬੰਬੀਹਾ ਦਾ ਦੂਜਾ ਸਾਥੀ ਤਾਰੀ ਦੁਸਾਂਝ ਪਿੰਡ ਫੂਲ ਦੀ ਬੀੜ੍ਹ ਦਾ ਸਹਾਰਾ ਲੈ ਕੇ ਪੁਲਸ ਨੂੰ ਕਈ ਘੰਟੇ ਚੱਕਰਾਂ ਵਿੱਚ ਪਾਉਣ 'ਚ ਸਫਲ ਰਿਹਾ ਤੇ ਆਖਰ ਫੂਲ ਤੋਂ ਬੁਰਜ ਮਾਨਸ਼ਾਹੀਆਂ ਰੋਡ 'ਤੇ ਖੇਤਾਂ ਵਿੱਚ ਪੱਟ 'ਤੇ ਗੋਲੀ ਲੱਗਣ ਕਾਰਨ ਡਿੱਗ ਪਿਆ, ਤੇ ਪੁਲਸ ਦੇ ਹੱਥੇ ਚੜ੍ਹ ਗਿਆ।
ਪੁਲਸ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਰਾਮਪੁਰਾ ਦਾਖਲ ਕਰਵਾਇਆ। ਪੁਲਸ ਦਾ ਇਹ ਮੁਕਾਬਲਾ ਤਿੰਨ ਤੋਂ ਚਾਰ ਘੰਟੇ ਚੱਲਿਆ, ਜਿਸ ਵਿੱਚ ਪੁਲਸ ਤੀਜੇ ਬਦਮਾਸ਼ ਨੂੰ ਲੱਭਣ ਲੱਗੀ ਹੋਈ ਸੀ। ਪੁਲਸ ਮੁਕਾਬਲੇ ਵਿੱਚ ਚਾਰ ਦਰਜਨ ਦੇ ਕਰੀਬ ਮੁਲਾਜ਼ਮ ਲੱਗੇ ਹੋਏ ਸਨ। ਪੁਲਸ ਦੀ ਨਾਮੀ ਬਦਮਾਸ਼ ਨੂੰ ਮਾਰਨ ਦੀ ਘਟਨਾ ਨੂੰ ਪੁਲਸ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਪੁਲਸ ਨੇ ਫੂਲ ਦੇ ਘਰ 'ਚੋਂ ਗੱਡੀ ਐਚ ਆਰ 26 ਏ ਵਾਈ 9167 ਵਰਨਾ ਆਪਣੇ ਕਬਜ਼ੇ 'ਚ ਲੈ ਲਈ ਹੈ। ਸੂਤਰਾਂ ਅਨੁਸਾਰ ਉਕਤ ਬਦਮਾਸ਼ਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਸੰਬੰਧੀ ਡੀ ਐਸ ਪੀ ਫੂਲ ਗੁਰਜੀਤ ਰੋਮਾਣਾ ਨੇ ਕਿਹਾ ਕਿ ਪੁਲਸ ਜਾਂਚ ਪੜਤਾਲ ਕਰ ਰਹੀ ਹੈ। ਮੌਕੇ 'ਤੇ ਮੌਜੂਦ ਸੀ ਆਈ ਏ ਸਟਾਫ ਤੇ ਪੁਲਸ ਮੁਲਾਜ਼ਮ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਤੋ ਆਨਾਕਾਨੀ ਕਰਦੇ ਨਜ਼ਰ ਆਏ।
ਮੌਕੇ ਦਾ ਜਾਇਜ਼ਾ ਲੈਂਦੇ ਐਸ ਪੀ ਐਚ ਨਾਨਕ ਸਿੰਘ, ਸੀ ਆਈ ਏ ਦੇ ਇੰਚਾਰਜ ਤੇਜਿੰਦਰ ਸਿੰਘ ਤੇ ਡੀ ਐਸ ਪੀ ਫੂਲ, ਡੀ ਐਸ ਪੀ ਮੌੜ ਦਵਿੰਦਰ ੰਿਸੰਘ ਤੇ ਬਦਮਾਸ਼ਾਂ ਦੀ ਗੱਡੀ, ਫੂਲ ਥਾਣੇ ਅੰਦਰ ਪੁਲਸ ਨਫਰੀ ਦੀਆਂ ਤਸਵੀਰਾਂ।