ਹੁੱਡਾ ਤੇ ਹੋਰਨਾਂ ਵਿਰੁੱਧ ਈ ਡੀ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 1500 ਕਰੋੜ ਰੁਪਏ ਦੇ ਮਾਨੇਸਰ ਪਲਾਟ ਵੰਡ ਮਾਮਲੇ 'ਚ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰਨਾਂ ਖਿਲਾਫ ਪੈਸੇ ਦੀ ਧੋਅ-ਧੁਆਈ ਵਾਲੇ ਕਾਨੂੰਨ (ਪੀ ਐੱਮ ਐੱਲ ਏ) ਅਧੀਨ ਕੇਸ ਦਰਜ ਕੀਤਾ ਹੈ। ਸੀ ਬੀ ਆਈ ਦੀ ਐÎਫ ਆਈ ਆਰ ਦੇ ਆਧਾਰ 'ਤੇ ਈ ਡੀ ਨੇ ਹੁੱਡਾ ਅਤੇ ਹੋਰਨਾਂ ਖਿਲਾਫ ਫੌਜਦਾਰੀ ਮਮਲਾ ਦਰਜ ਕੀਤਾ ਹੈ।
ਪਿਛਲੇ ਹਫਤੇ ਸੀ ਬੀ ਆਈ ਨੂੰ ਇਸ ਮਾਮਲੇ 'ਚ ਹੁੱਡਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 20 ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਹੁੱਡਾ ਦੇ ਰੋਹਤਕ, ਦਿੱਲੀ, ਮਾਨੇਸਰ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ 'ਤੇ ਸੀ ਬੀ ਆਈ ਦੀਆਂ ਟੀਮਾਂ ਨੇ ਇੱਕੋ ਵੇਲੇ ਛਾਪੇਮਾਰੀ ਕੀਤੀ ਸੀ।
ਸੀ ਬੀ ਆਈ ਦੀਆਂ ਟੀਮਾਂ ਨੇ ਮਾਨੇਸਰ ਪਲਾਟ ਵੰਡ ਕੇਸ 'ਚ ਹੁੱਡਾ ਦੇ ਕਰੀਬੀ ਰਹੇ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇ ਮਾਰੇ ਸਨ। ਸੀ ਬੀ ਆਈ ਨੇ ਦੋ ਸਾਬਕਾ ਆਈ ਏ ਐੱਸ ਅਧਿਕਾਰੀਆਂ-ਵੇਲੇ ਦੇ ਪ੍ਰਿੰਸੀਪਲ ਸਕੱਤਰ ਐੱਮ ਐੱਲ ਤਿਆਲ ਅਤੇ ਯੂ ਪੀ ਐੱਸ ਸੀ ਦੇ ਮੈਂਬਰ ਨਛੱਤਰ ਸਿੰਘ ਤੋਂ ਇਲਾਵਾ ਮੌਜੂਦਾ ਆਈ ਏ ਐੱਸ ਅਧਿਕਾਰੀ ਐੱਸ ਐੱਸ ਢਿੱਲੋਂ ਦੇ ਕੰਪਲੈਕਸ ਦੀ ਵੀ ਤਲਾਸ਼ੀ ਲਈ ਸੀ ਅਤੇ ਐੱਫ ਆਈ ਆਰ ਦਰਜ ਕੀਤੀ ਗਈ ਸੀ। ਈ ਡੀ ਨੇ ਇਸੇ ਨੂੰ ਅਧਾਰ ਬਣਾਉਂਦਿਆਂ ਪੀ ਐੱਮ ਐੱਲ ਏ ਐਕਟ ਅਧੀਨ ਕੇਸ ਦਰਜ ਕੀਤਾ ਹੈ।
ਮਾਨੇਸਰ ਪਲਾਟ ਵੰਡ ਮਾਮਲੇ 'ਚ ਧਾਂਦਲੀ ਦੇ ਦੋਸ਼ਾਂ ਅਧੀਨ ਸੀ ਬੀ ਆਈ ਨੇ ਸਤੰਬਰ 2015 'ਚ ਹੁੱਡਾ ਖਿਲਾਫ ਕੇਸ ਦਰਜ ਕੀਤਾ ਸੀ।
ਹੁੱਡਾ ਸਰਕਾਰ ਦੇ ਸਮੇਂ ਮਾਨੇਸਰ ਦੇ ਤਿੰਨ ਪਿੰਡਾਂ ਦੀ ਕਰੀਬ 400 ਏਕੜ ਜ਼ਮੀਨ ਇਕਵਾਇਰ ਕੀਤੇ ਜਾਣ ਤੋਂ ਬਾਅਦ ਬਿਲਡਰਾਂ ਨੂੰ ਵੇਚ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ 'ਚ ਵੱਡੀ ਧਾਂਦਲੀ ਦੇ ਦੋਸ਼ ਲੱਗੇ ਸਨ। ਸਤੰਬਰ 2015 'ਚ ਅਣਪਛਾਤੇ ਅਫਸਰਾਂ ਅਤੇ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। ਜ਼ਮੀਨ ਹੜੱਪਣ ਦੀ ਪੂਰੀ ਪ੍ਰਕਿਰਿਆ ਹੁੱਡਾ ਦੇ ਕਾਰਜਕਾਲ 'ਚ ਹੋਈ ਸੀ।