100 ਘੰਟਿਆਂ ਬਾਅਦ ਬਾਦਲ ਦੀ ਟੈਂਕੀ ਤੋਂ ਉੁੱਤਰੇ ਅਧਿਆਪਕ!


ਲੰਬੀ (ਮਿੰਟੂ ਗੁਰੂਸਰੀਆ)
ਪਿੰਡ ਬਾਦਲ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਨੇੜਲੀ ਟੈਂਕੀ 'ਤੇ ਚੜ੍ਹੇ ਤਿੰਨ ਅਧਿਆਪਕ ਆਖਰ 100 ਘੰਟਿਆਂ ਬਾਅਦ ਦੇਰ ਰਾਤ ਟੈਂਕੀ ਤੋਂ ਉੱਤਰ ਆਏ। ਹੇਠਾਂ ਖੜ੍ਹੀ ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਸਗੋਂ ਬਾਦਲ ਦੇ ਸਰਕਾਰੀ ਹਸਪਤਾਲ ਲਿਜਾ ਕੇ ਇਨ੍ਹਾਂ ਦਾ ਮੁਆਇਨਾ ਕਰਵਾਉਣ ਤੋਂ ਬਾਅਦ ਘਰ ਨੂੰ ਤੋਰ ਦਿੱਤਾ। ਗੌਰਤਲਬ ਹੈ ਕਿ ਈ.ਟੀ.ਟੀ. (ਟੈਟ ਪਾਸ) ਬੇਰੁਜ਼ਗਾਰ ਯੂਨੀਅਨ ਦੇ ਸੰਘਰਸ਼ਸ਼ੀਲ 12 ਅਧਿਆਪਕ 5 ਸਤੰਬਰ ਨੂੰ ਅਚਾਨਕ ਪਿੰਡ ਬਾਦਲ ਵਿਚਲੀ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹਨ ਲਈ ਆ ਪੁੱਜੇ। ਇਸ ਦੌਰਾਨ ਤਿੰਨ ਅਧਿਆਪਕ ਸਲਿੰਦਰ ਕੁਮਾਰ, ਦੀਪਕ ਕੁਮਾਰ ਤੇ ਰਾਕੇਸ਼ ਕੁਮਾਰ ਟੈਂਕੀ 'ਤੇ ਚੜ੍ਹ ਗਏ ਸਨ, ਜਦਕਿ ਇਨ੍ਹਾਂ ਦੇ ਬਾਕੀ 9 ਸਾਥੀਆਂ ਨੂੰ ਲੰਬੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਅਧਿਆਪਕ ਦਿਹਾੜੇ 'ਤੇ ਟੈਂਕੀ 'ਤੇ ਚੜ੍ਹੇ ਅਧਿਆਪਕ ਪ੍ਰਸ਼ਾਸਨ ਦੇ ਸਮਝਾਉਣ 'ਤੇ ਵੀ ਥੱਲੇ ਨਹੀਂ ਸੀ ਉੱਤਰੇ ਅਤੇ ਇਸ ਮੰਗ 'ਤੇ ਅੜੇ ਰਹੇ ਕਿ ਅਸੀਂ ਉਦੋਂ ਤੱਕ ਥੱਲੇ ਨਹੀਂ ਉਤਰਾਂਗੇ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਪ੍ਰਸ਼ਾਸਨ ਨੇ ਇਨ੍ਹਾਂ ਦੀ ਮੰਗ ਅੱਗੇ ਝੁਕਦਿਆਂ ਮੁੱਖ ਮੰਤਰੀ ਨਾਲ 9 ਸਤੰਬਰ ਦੀ ਪੈਨਲ ਮੀਟਿੰਗ ਮੁਕਰਰ ਕਰਵਾ ਦਿੱਤੀ। ਇਸ ਮੀਟਿੰਗ ਤੋਂ ਬਾਅਦ ਜਦੋਂ ਦੇਰ ਸ਼ਾਮ ਇਨ੍ਹਾਂ ਨੂੰ ਆਪਣੇ ਸਾਥੀਆਂ ਦਾ ਸੁਨੇਹਾ ਮਿਲਿਆ ਤਾਂ ਇਹ ਆਪਣੇ-ਆਪ ਥੱਲੇ ਉੱਤਰ ਆਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ 'ਤੇ ਕੇਸ ਦਰਜ ਕਰ ਲਏ ਜਾਣ ਦੇ ਬਾਵਜੂਦ ਗ੍ਰਿਫ਼ਤਾਰ ਨਾ ਕਰਨ ਦਾ ਹੁਕਮ ਵੀ 'ਉੱਤੋਂ' ਆਇਆ ਸੀ। ਇਸ ਸੰਬੰਧੀ ਈ.ਟੀ.ਟੀ. (ਟੈਟ ਪਾਸ) ਬੇਰੁਜ਼ਗਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸਰਕਾਰ ਨੇ ਇਸ ਮਹੀਨੇ ਬਾਕੀ ਬਚੀਆਂ 2005 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਨਾਲ ਹੀ ਬਾਦਲ ਟੈਂਕੀ ਤੋਂ ਗ੍ਰਿਫ਼ਤਾਰ ਕੀਤੇ ਗਏ 9 ਅਧਿਆਪਕਾਂ 'ਤੇ ਕੇਸ ਰੱਦ ਕਰਨ ਦਾ ਵਾਅਦਾ ਵੀ ਕੀਤਾ ਹੈ। ਕੰਬੋਜ ਨੇ ਇਸ ਨੂੰ ਆਪਣੇ ਸਾਥੀਆਂ ਦੇ ਸਿਰੜੀ ਸੰਘਰਸ਼ ਦੀ ਜਿੱਤ ਦੱਸਿਆ ਹੈ।