ਸ਼ਹਾਬੂਦੀਨ ਦੀ ਭਾਗਲਪੁਰ ਜੇਲ੍ਹ 'ਚੋਂ ਰਿਹਾਈ


ਭਾਗਲਪੁਰ (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਦੇ ਬਾਹੂਬਲੀ ਆਰ ਜੇ ਡੀ ਨੇਤਾ ਮੁਹੰਮਦ ਸ਼ਹਾਬੂਦੀਨ ਅੱਜ ਜੇਲ੍ਹ 'ਚੋਂ ਰਿਹਾਅ ਹੋ ਗਏ। ਸੀਵਾਨ ਦੇ ਚਰਚਿਤ ਤੇਜ਼ਾਬ ਕਾਂਡ 'ਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਉਹ ਸ਼ਨੀਵਾਰ ਸਵੇਰੇ ਭਾਗਲਪੁਰ ਜੇਲ 'ਚੋਂ ਰਿਹਾਈ ਮਗਰੋਂ 1300 ਗੱਡੀਆਂ ਦੇ ਕਾਫ਼ਲੇ 'ਚ ਸੀਵਾਨ ਲਈ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੱਤਰਕਾਰ ਰਾਜ ਦੇਵ ਰੰਜਨ ਦੇ ਕਤਲ ਦੇ ਦੋਸ਼ ਲੱਗਣ ਮਗਰੋਂ ਉਨ੍ਹਾ ਨੂੰ ਸੀਵਾਨ ਤੋਂ ਭਾਗਲਪੁਰ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਸੀ।
ਭਾਜਪਾ ਨੇ ਸ਼ਹਾਬੂਦੀਨ ਦੀ ਰਿਹਾਈ ਨੂੰ ਲੈ ਕੇ ਨਿਤੀਸ਼ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਬਿਹਾਰ 'ਚ ਜੁਰਮ ਪਹਿਲਾਂ ਹੀ ਵਧ ਰਹੇ ਹਨ ਅਤੇ ਹੁਣ ਸ਼ਹਾਬੂਦੀਨ ਦੇ ਬਾਹਰ ਆਉਣ ਮਗਰੋਂ ਉਥੋਂ ਦੀ ਕਾਨੂੰਨ ਵਿਵਸਥਾ ਦਾ ਪਤਾ ਨਹੀਂ ਕੀ ਹਾਲ ਹੋਵੇਗਾ। ਉਨ੍ਹਾ ਕਿਹਾ ਕਿ ਸ਼ਹਾਬੂਦੀਨ ਦੀ ਰਿਹਾਈ ਦੀ ਖ਼ਬਰ ਨਾਲ ਲੋਕਾਂ 'ਚ ਸਹਿਮ ਹੈ।
ਸ਼ਹਾਬੂਦੀਨ ਦੀ ਰਿਹਾਈ ਮਗਰੋਂ ਸੀਵਾਨ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਥਾਂ-ਥਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ। ਅੱਜ ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਨਿਤੀਸ਼ ਕੁਮਾਰ 'ਤੇ ਹਮਲਾ ਕਰਦਿਆਂ ਸ਼ਹਾਬੂਦੀਨ ਨੇ ਕਿਹਾ ਕਿ ਉਹ ਮੇਰੇ ਨੇਤਾ ਨਹੀਂ ਹਨ, ਮੇਰੇ ਨੇਤਾ ਲਾਲੂ ਪ੍ਰਸਾਦ ਯਾਦਵ ਹੀ ਹਨ। ਉਨ੍ਹਾ ਕਿਹਾ ਕਿ ਸਾਰੇ ਜਾਣਦੇ ਹਨ ਕਿ ਲਾਲੂ ਪ੍ਰਸਾਦ ਹੀ ਮੇਰੇ ਆਗੂ ਹਨ।
ਉਨ੍ਹਾ ਕਿਹਾ ਕਿ ਸਾਰੇ ਜਾਣਦੇ ਹਨ ਕਿ ਮੈਨੂੰ ਇਸ ਮਾਮਲੇ 'ਚ ਫਸਾਇਆ ਗਿਆ ਸੀ। ਅਦਾਲਤ ਨੇ ਹੀ ਮੈਨੂੰ ਜੇਲ੍ਹ ਭੇਜਿਆ ਸੀ ਅਤੇ ਅਦਾਲਤ ਨੇ ਹੀ ਮੈਨੂੰ ਜੇਲ੍ਹ 'ਚੋਂ ਰਿਹਾਅ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ਼ਹਾਬੂਦੀਨ ਦੋ ਭਰਾਵਾਂ ਨੂੰ ਤੇਜ਼ਾਬ ਨਾਲ ਨੁਹਾ ਕੇ ਮਾਰਨ ਅਤੇ ਮਗਰੋਂ ਕਤਲ ਕਾਂਡ ਦੇ ਗਵਾਹ ਅਤੇ ਮ੍ਰਿਤਕਾਂ ਦੇ ਭਰਾ ਰਾਜੀਵ ਰੋਸ਼ਨ ਦੇ ਕਤਲ ਦੇ ਮਾਮਲੇ 'ਚ ਭਾਗਲਪੁਰ ਜੇਲ੍ਹ 'ਚ ਬੰਦ ਸਨ। ਦੋਵਾਂ ਭਰਾਵਾਂ ਦੇ ਕਤਲ ਦੇ ਮਾਮਲੇ 'ਚ ਹਾਈ ਕੋਰਟ ਨੇ ਉਨ੍ਹਾ ਨੂੰ ਫ਼ਰਵਰੀ ਮਹੀਨੇ ਹੀ ਜ਼ਮਾਨਤ ਦੇ ਦਿੱਤੀ ਸੀ, ਪਰ ਬੁੱਧਵਾਰ ਨੂੰ ਉਨ੍ਹਾ ਨੂੰ ਗਵਾਹ ਦੇ ਕਤਲ ਦੇ ਮਾਮਲੇ 'ਚ ਵੀ ਜ਼ਮਾਨਤ ਮਿਲ ਗਈ, ਜਿਸ ਮਗਰੋਂ ਉਹ ਅੱਜ ਰਿਹਾਅ ਹੋ ਗਏ।
ਸ਼ਹਾਬੂਦੀਨ ਦੇ ਜੁਰਮ ਦੀ ਕਹਾਣੀ 15 ਮਾਰਚ 2001 ਨੂੰ ਉਸ ਵੇਲੇ ਸ਼ੁਰੂ ਹੋਈ, ਜਦੋਂ ਉਨ੍ਹਾ ਲਾਲੂ ਦੀ ਪਾਰਟੀ ਦੇ ਇੱਕ ਆਗੂ ਨੂੰ ਗ੍ਰਿਫ਼ਤਾਰ ਕਰਨ ਆਏ ਪੁਲਸ ਅਧਿਕਾਰੀ ਦੇ ਥੱਪੜ ਮਾਰ ਦਿੱਤਾ। ਇਸ ਮਗਰੋਂ ਪੁਲਸ ਨੇ ਸ਼ਹਾਬੂਦੀਨ ਦੇ ਘਰ ਛਾਪਾ ਮਾਰਿਆ ਤਾਂ ਪੁਲਸ ਤੇ ਸ਼ਹਾਬੂਦੀਨ ਦੇ ਹਮਾਇਤੀਆਂ ਵਿਚਕਾਰ ਕਈ ਘੰਟੇ ਤੱਕ ਗੋਲੀਬਾਰੀ ਹੋਈ ਅਤੇ ਇਸ ਫਾਇਰਿੰਗ 'ਚ 10 ਵਿਅਕਤੀ ਮਾਰੇ ਗਏ ਅਤੇ ਪੁਲਸ ਨੂੰ ਉਥੋਂ ਖਾਲੀ ਹੱਥ ਮੁੜਨਾ ਪਿਆ। ਇਸ ਘਟਨਾ ਨਾਲ ਸ਼ਹਾਬੂਦੀਨ ਰਾਤੋ-ਰਾਤ ਬਿਹਾਰ ਦੇ ਸਭ ਤੋਂ ਵੱਡੇ ਬਾਹੂਬਲੀ ਬਣ ਗਏ।