ਬਹੁਤੇ ਵਿਧਾਇਕ ਸਦਨ 'ਚ ਸੰਜੀਦਗੀ ਨਾਲ ਨਹੀਂ ਆਉਂਦੇ : ਅਟਵਾਲ

ਰੂਪਨਗਰ (ਖੰਗੂੜਾ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਬਹੁਤੇ ਵਿਧਾਇਕ ਸਦਨ ਵਿਚ ਸੰਜੀਦਗੀ ਨਾਲ ਨਹੀਂ ਆਉਂਦੇ ਤੇ ਨਾ ਹੀ ਤਿਆਰੀ ਕਰਕੇ ਆਉਂਦੇ ਹਨ, ਸਗੋਂ ਸਦਨ ਵਿਚ ਕੇਵਲ ਸ਼ੋਰ-ਸ਼ਰਾਬਾ ਪਾ ਕੇ ਹੀ ਆਪਣੇ ਹਲਕੇ ਵਿਚ ਆਪਣੀ ਹਾਜ਼ਰੀ ਲਗਾਉਣਾ ਚਾਹੁੰਦੇ ਹਨ। ਅੱਜ ਇਥੇ ਸੰਤ ਕਰਮ ਸਿੰਘ ਅਕੈਡਮੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਬੀਤੇ ਕੱਲ੍ਹ ਵਿਧਾਨ ਸਭਾ ਵਿਚ ਜਦੋਂ ਡਾਕਟਰ ਬੀ ਆਰ ਅੰਬੇਡਕਰ ਵਰਗੇ ਮਹਾਨ ਇਨਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਸੀ, ਜਿਨ੍ਹਾ ਦੀ ਬਦੌਲਤ ਅੱਜ ਅਸੀਂ ਕੁਰਸੀਆਂ 'ਤੇ ਬੈਠੇ ਹਾਂ ਅਤੇ ਜਿਸ ਸਮੇਂ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬੇਭਰੋਸਗੀ ਦੇ ਮਤੇ ਨੂੰ ਪ੍ਰਵਾਨ ਕਰ ਲਿਆ ਗਿਆ ਸੀ, ਪੰਤੂ ਉਸ ਸਮੇਂ ਬੈਂਸ ਭਰਾਵਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੇ ਮਸਲੇ ਨੂੰ ਲੈ ਕੇ ਜੋ ਸ਼ੋਰ-ਸ਼ਰਾਬਾ ਕਰਨਾ ਸ਼ੁਰੂ ਕਰ ਦਿੱਤਾ, ਉਸ ਸਮੇਂ ਵਿਧਾਨ ਸਭਾ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ ਲਈ ਮਜਬੂਰੀ ਵਿਚ ਉਨ੍ਹਾਂ ਦੋਵਾਂ ਨੂੰ ਸਦਨ 'ਚੋਂ ਬਾਹਰ ਕੱਢਣਾ ਪਿਆ। ਉਨ੍ਹਾ ਕਿਹਾ ਕਿ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਵੀ ਕੋਈ ਵਧੀਆ ਭੂਮਿਕਾ ਨਹੀਂ ਨਿਭਾਈ ਗਈ। ਵਿਰੋਧੀ ਧਿਰ ਦੇ ਆਗੂ ਨੂੰ ਡਾਕਟਰ ਅੰਬੇਡਕਰ ਪ੍ਰਤੀ ਚੰਗੇ ਸ਼ਬਦ ਕਹਿਣੇ ਚਾਹੀਦੇ ਸਨ, ਪ੍ਰੰਤੂ ਉਨ੍ਹਾ ਡਾਕਟਰ ਅੰਬੇਡਕਰ ਬਾਰੇ ਬਹੁਤਾ ਕੁਝ ਨਹੀਂ ਕਿਹਾ ਅਤੇ ਬਹੁਤਾ ਸਮਾਂ ਹਾਕਮ ਧਿਰ ਖਿਲਾਫ ਹੀ ਬੋਲਦੇ ਰਹੇ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਇਕ ਮੈਗਾਵਾਟ ਵੀ ਬਿਜਲੀ ਨਹੀਂ ਪੈਦਾ ਹੋਈ, ਇਕ ਕਿਲੋਮੀਟਰ ਸੜਕ ਨਹੀਂ ਬਣਾ ਸਕੇ, ਇਕ ਅਧਿਆਪਕ ਜਾਂ ਮੁਲਾਜ਼ਮ ਨਹੀਂ ਰੱਖ ਸਕੇ। ਆਮ ਆਦਮੀ ਪਾਰਟੀ ਦਾ ਤਾਂ ਜਨਾਜ਼ਾ ਹੀ ਨਿਕਲ ਚੁੱਕਾ ਹੈ, ਜੋ ਹਸ਼ਰ ਇਸ ਪਾਰਟੀ ਦਾ ਹੋਇਆ ਹੈ, ਉਹ ਕਿਸੇ ਪਾਰਟੀ ਦਾ ਨਹੀਂ ਹੋਇਆ। ਸ੍ਰੀ ਆਨੰਦਪੁਰ ਸਾਹਿਬ ਨੂੰ ਪਹਿਲਾਂ ਹੀ ਪਵਿੱਤਰ ਸ਼ਹਿਰ ਐਲਾਨਿਆ ਹੋਇਆ ਹੈ ਤੇ ਅੰਮ੍ਰਿਤਸਰ ਵੀ ਸਮੁੱਚੀ ਮਾਨਵਤਾ ਲਈ ਪਵਿੱਤਰ ਸ਼ਹਿਰ ਹੈ। ਸਟਿੰਗ ਅਪ੍ਰੇਸ਼ਨਾਂ ਦੀਆਂ 63 ਸੀਡੀਆਂ ਦੇ ਦੋਸ਼ ਬਾਰੇ ਉਨ੍ਹਾ ਕਿਹਾ ਕਿ ਇਹ ਚੋਰ ਦੀ ਦਾੜ੍ਹੀ ਵਿਚ ਤਿਨਕੇ ਵਾਲੀ ਗਲ ਹੈ।
ਇਸ ਤੋਂ ਪਹਿਲਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਤ ਕਰਮ ਸਿੰਘ ਅਕੈਡਮੀ ਸ਼ਾਮਪੁਰਾ ਦੇ ਸਾਲਾਨਾ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਵੀ ਹਾਜ਼ਰ ਸਨ।