ਪਠਾਨਕੋਟ ਹਮਲੇ 'ਤੇ ਘਿਰੇ ਨਵਾਜ਼ ਸ਼ਰੀਫ਼, ਵਿਰੋਧੀਆਂ ਨੇ ਲਾਇਆ ਜਾਣਕਾਰੀਆਂ ਲੁਕੋਣ ਦਾ ਦੋਸ਼


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਉਸ 'ਤੇ ਪਠਾਨਕੋਟ ਅੱਤਵਾਦੀ ਹਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੀ ਸ਼ਮੂਲੀਅਤ ਦੀ ਜਾਂਚ ਦੀਆਂ ਜਾਣਕਾਰੀਆਂ ਲੁਕੋਣ ਦਾ ਦੋਸ਼ ਲਾਇਆ ਹੈ। ਵਿਰੋਧੀਆਂ ਦੇ ਦੋਸ਼ਾਂ ਮਗਰੋਂ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਐਲਾਨ ਕੀਤਾ ਕਿ ਇਸ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਫਰਹਤੁਲਾਹ ਬਾਬਰ ਨੇ ਸੰਸਦ ਦੇ ਸੈਸ਼ਨ ਦੌਰਾਨ ਭਾਰਤੀ ਹਵਾਈ ਸੈਨਾ ਦੇ ਅੱਡੇ 'ਤੇ ਦੋ ਜਨਵਰੀ ਨੂੰ ਹੋਏ ਹਮਲੇ ਦੀਆਂ ਜਾਣਕਾਰੀਆਂ ਬਾਰੇ ਸਵਾਲ ਦਾ ਜਵਾਬ ਨਾ ਦੇਣ ਕਰਕੇ ਸ਼ਰੀਫ਼ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ ਸੈਨੇਟਰ ਨੇ ਸਰਕਾਰ 'ਤੇ ਜਾਣਕਾਰੀ ਜਾਣ ਬੁੱਝ ਕੇ ਲੁਕੋ ਕੇ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਸਰਕਾਰ ਅੱਤਵਾਦੀਆਂ 'ਤੇ ਮਿਹਰਬਾਨ ਹੈ।
ਉਨ੍ਹਾ ਕਿਹਾ ਕਿ ਸਰਕਾਰ ਨੇ ਸਦਨ ਨਾਲ ਪਠਾਨਕੋਟ ਹਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਦੀਆਂ ਜਾਣਕਾਰੀਆਂ ਸਾਂਝੀਆਂ ਕਿਉਂ ਨਹੀਂ ਕੀਤੀਆਂ? ਉਨ੍ਹਾ ਕਿਹਾ ਕਿ ਚਾਰ ਮਹੀਨੇ ਪਹਿਲਾਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ 'ਚ ਸਰਕਾਰ ਨਾਕਾਮ ਰਹੀ ਹੈ। ਸ੍ਰੀ ਬਾਬਰ ਨੇ ਪੁੱਛਿਆ ਸੀ ਕਿ ਜੇ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਕੋਈ ਤੱਥ ਜਾਂ ਸੂਚਨਾ ਉਪਲੱਬਧ ਕਰਾਈ ਹੈ ਤਾਂ ਸਰਕਾਰ ਇਸ ਸੰਬੰਧ ਵਿੱਚ ਕੀ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਆਪਣੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ।