ਖੁੱਲ੍ਹੀ ਸਰਹੱਦ ਹੀ ਸੰਬੰਧਾਂ ਦੀ ਖੂਬਸੂਰਤੀ


ਪ੍ਰਚੰਡ ਵੱਲੋਂ ਭਾਰਤ ਨਾਲ ਚੰਗੇ ਸੰਬੰਧਾਂ 'ਤੇ ਜ਼ੋਰ
ਕਾਠਮੰਡੂ (ਨਵਾਂ ਜ਼ਮਾਨਾ ਸਰਵਿਸ)-ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਉਰਫ਼ ਪ੍ਰਚੰਡ ਨਾ ਸਿਰਫ਼ ਭਾਰਤ ਨਾਲ ਬੇਹਤਰ ਸੰਬੰਧਾਂ ਦੇ ਪੱਖ 'ਚ ਹਨ ਸਗੋਂ ਉਨ੍ਹਾ ਨੇ ਦੋਹਾਂ ਦੇਸ਼ਾਂ ਦੀ ਸਰਹੱਦ ਦੇ ਆਰ-ਪਾਰ ਦੀ ਬੁਨਿਆਦੀ ਸਮੱਸਿਆ ਦੇ ਆਪਸੀ ਸਹਿਯੋਗ ਨਾਲ ਹੱਲ 'ਤੇ ਜ਼ੋਰ ਦਿੱਤਾ ਹੈ।
ਇੱਕ ਮੁਲਾਕਾਤ ਦੌਰਾਨ ਜਦੋਂ ਪ੍ਰਚੰਡ ਤੋਂ ਪੁੱਛਿਆ ਗਿਆ ਕਿ ਦੋਹਾਂ ਦੇਸ਼ਾਂ ਦੀ ਖੁੱਲ੍ਹੀ ਸਰਹੱਦ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤਾਂ ਉਨ੍ਹਾ ਕਿਹਾ ਕਿ ਖੁੱਲ੍ਹੀ ਸਰਹੱਦ ਹੀ ਦੋਹਾਂ ਦੇਸ਼ਾਂ ਦੇ ਸੰਬੰਧਾਂ ਦੀ ਖੂਬਸੂਰਤੀ ਹੈ, ਪਰ ਸਰਹੱਦ 'ਤੇ ਜੋ ਵੀ ਖ਼ਤਰੇ ਅਤੇ ਸਮੱਸਿਆਵਾਂ ਹਨ, ਉਨ੍ਹਾਂ ਨਾਲ ਮਿਲ ਕੇ ਨਿਪਟਣਾ ਪਵੇਗਾ।
ਇੱਕ ਸੁਆਲ ਦੇ ਜੁਆਬ 'ਚ ਪ੍ਰਚੰਡ ਨੇ ਕਿਹਾ ਕਿ ਉਹ ਕਾਠਮੰਡੂ-ਪਟਨਾ ਵਿਚਕਾਰ ਹਵਾਈ ਸੇਵਾ ਦੇ ਪੱਖ 'ਚ ਹਨ ਅਤੇ ਇਸ ਬਾਰੇ ਛੇਤੀ ਗੱਲਬਾਤ ਕੀਤੀ ਜਾਵੇਗੀ।
ਉਧਰ ਭਾਰਤ ਅਤੇ ਨੇਪਾਲ 'ਚ ਵਗਦੀ ਮੋਹਾਨਾ ਨਦੀ 'ਤੇ ਪੱਕਾ ਪੁਲਾ ਬਣਾਉਣ ਲਈ ਨੇਪਾਲ ਦੀ ਇੱਕ ਟੀਮ ਐਤਵਾਰ ਨੂੰ ਸਰਵੇ ਕਰਨ ਪੁੱਜੀ। ਅਧਿਕਾਰੀਆਂ ਅਨੁਸਾਰ ਮੋਹਾਨਾ ਨਦੀ 'ਤੇ ਪੁਲ ਬਣ ਜਾਣ ਕਾਰਨ ਦੋਹਾਂ ਦੇਸ਼ਾਂ ਨੂੰ ਹੜ੍ਹਾਂ ਤੋਂ ਰਾਹਤ ਮਿਲੇਗੀ। ਸਰਵੇ ਅਨੁਸਾਰ ਇਹ ਪੁਲ 100 ਮੀਟਰ ਲੰਮਾ ਹੋਵੇਗਾ ਅਤੇ ਇਸ ਪੁਲ ਦਾ ਨਿਰਮਾਣ ਦੋਹਾਂ ਦੇਸ਼ਾਂ ਵੱਲੋਂ ਮਿਲ ਕੇ ਕੀਤਾ ਜਾਵੇਗਾ ਅਤੇ ਇਸ ਸੰਬੰਧ 'ਚ ਦੋਹਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ।