ਸਿੱਧਾਰਮੱਈਆ ਪੂਰੀ ਵਜ਼ਾਰਤ ਸਮੇਤ ਅੱਜ ਜਾਣਗੇ ਦਿੱਲੀ

ਤਾਮਿਲਨਾਡੂ ਅਤੇ ਕਰਨਾਟਕ ਵਿਚਕਾਰ ਕਾਵੇਰੀ ਦੇ ਪਾਣੀ ਦਾ ਝਗੜਾ ਦਿੱਲੀ ਪੁੱਜ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾ ਰਮੱਈਆ ਨੇ ਕਾਵੇਰੀ ਦੇ ਪਾਣੀ ਦੀ ਵੰਡ 'ਚ ਆਪਣੇ ਨਾਲ ਨਾ-ਇਨਸਾਫੀ ਦੀ ਗੱਲ ਕਰਦਿਆਂ ਬੁੱਧਵਾਰ ਨੂੰ ਪੂਰੀ ਕੈਬਨਿਟ ਨਾਲ ਦਿੱਲੀ ਜਾਣ ਦਾ ਐਲਾਨ ਕੀਤਾ ਹੈ। ਕਾਵੇਰੀ ਮੁੱਦੇ 'ਤੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਮਗਰੋਂ ਸਿੱਧਾ ਰਮੱਈਆ ਨੇ ਕਿਹਾ ਕਿ ਸਾਡੇ ਨਾਲ ਲੰਮੇ ਸਮੇਂ ਤੋਂ ਬੇਇਨਸਾਫੀ ਹੋ ਰਹੀ ਹੈ। ਉਨ੍ਹਾ ਕਿਹਾ ਕਿ 5 ਸਤੰਬਰ ਦੇ ਫੈਸਲੇ ਨੂੰ ਲਾਗੂ ਕਰਨ 'ਚ ਆ ਰਹੀਆਂ ਪਰੇਸ਼ਾਨੀਆਂ ਕਾਰਨ ਸੁਪਰੀਮ ਕੋਰਟ ਨੇ ਇਹ ਨਵਾਂ ਫੈਸਲਾ ਦਿੱਤਾ ਹੈ। ਉਨ੍ਹਾ ਕਿਹਾ ਕਿ ਅਸੀਂ ਹਾਲਾਤ ਨਾਲ ਨਿਪਟਣਾ ਹੈ ਅਤੇ ਨਿਆਂ ਪਾਲਿਕਾ ਨੇ ਜਿਹੜਾ ਫੈਸਲਾ ਕੀਤਾ ਹੈ, ਅਸੀਂ ਉਸ ਨੂੰ ਲਾਗੂ ਕਰਨਾ ਹੈ।
ਦਿੱਲੀ ਜਾਣ ਦੀ ਗੱਲ 'ਤੇ ਸਿੱਧਾ ਰਮੱਈਆ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਸਾਡੇ ਮੁੱਖ ਸਕੱਤਰ ਇਸ ਸੰਬੰਧ 'ਚ ਪ੍ਰਧਾਨ ਮੰਤਰੀ ਦਫਤਰ ਦੇ ਸੰਪਰਕ 'ਚ ਹਨ।
ਉਨ੍ਹਾ ਕਿਹਾ ਕਿ ਲੋਕਾਂ ਨੂੰ ਕਾਨੂੰਨ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਨ੍ਹਾ ਕਿਹਾ ਕਿ ਕਰਨਾਟਕ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰੇਗਾ।
ਉਧਰ ਤਾਮਿਲਨਾਡੂ 'ਚ ਵਿਰੋਧੀ ਧਿਰ ਡੀ ਐੱਮ ਕੇ ਨੇ ਕਾਵੇਰੀ ਵਿਵਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਉਹ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਦੋਸਤਾਨਾ ਮਾਹੌਲ ਯਕੀਨੀ ਬਣਾਉਣ।
ਪਾਰਟੀ ਆਗੂ ਐੱਮ ਕੇ ਸਟਾਲਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਰਨਾਟਕ 'ਚ ਤਾਮਿਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਖਲ-ਅੰਦਾਜ਼ੀ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਵੱਲੋਂ ਤਾਮਿਲਨਾਡੂ 'ਚ ਪਾਣੀ ਛੱਡਣ ਦੇ ਕਰਨਾਟਕ ਨੂੰ ਦਿੱਤੇ ਹੁਕਮਾਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਇਹ ਯਕੀਨੀ ਬਣਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਰਨਾਟਕ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੇ।
ਜ਼ਿਕਰਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨੇ ਕਾਵੇਰੀ ਜਲ ਵਿਵਾਦ ਕਾਰਨ ਤਾਮਿਲਨਾਡੂ ਅਤੇ ਕਰਨਾਟਕ ਦੇ ਘਟਨਾਕ੍ਰਮ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵਿਵਾਦ ਦਾ ਹੱਲ ਕਾਨੂੰਨੀ ਦਾਇਰੇ 'ਚ ਹੀ ਹੋ ਸਕਦਾ ਹੈ ਅਤੇ ਕਾਨੂੰਨ ਤੋੜਨਾ ਬਦਲ ਨਹੀਂ ਹੈ। ਉਨ੍ਹਾ ਕਿਹਾ ਕਿ ਹਿੰਸਾ ਸਮੱਸਿਆ ਦਾ ਹੱਲ ਨਹੀਂ। ਲੋਕਤੰਤਰ 'ਚ ਸੰਜਮ ਅਤੇ ਆਪਸੀ ਗੱਲਬਾਤ ਨਾਲ ਹੱਲ ਲੱਭੇ ਜਾਣੇ ਚਾਹੀਦੇ ਹਨ।
ਬੰਗਲੌਰ ਸ਼ਾਂਤ, ਸੁਰੱਖਿਆ ਦੇ ਸਖਤ ਪ੍ਰਬੰਧ
ਬੰਗਲੌਰ (ਨਵਾਂ ਜ਼ਮਾਨਾ ਸਰਵਿਸ)
ਤਾਮਿਲਨਾਡੂ ਅਤੇ ਕਰਨਾਟਕ ਵਿਚਕਾਰ ਕਾਵੇਰੀ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਬੰਗਲੌਰ 'ਚ ਤਣਾਅਪੂਰਨ ਸਥਿਤੀ ਹੈ। ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ 15 ਹਜ਼ਾਰ ਪੁਲਸ ਮੁਲਾਜ਼ਮਾਂ ਦੇ ਨਾਲ ਕੇਂਦਰੀ ਸੁਰੱਖਿਆ ਦਸਤਿਆਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਧਰ ਹਿੰਸਾ ਤੋਂ ਪ੍ਰਭਾਵਤ ਮਾਂਡਿਆ 'ਚ ਅੱਜ ਇੰਡੋ-ਤਿੱਬਤ ਬਾਰਡਰ ਪੁਲਸ ਅਤੇ ਕਰਨਾਟਕ ਪੁਲਸ ਦੇ ਜਵਾਨਾਂ ਨੇ ਫਲੈਗ ਮਾਰਚ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਰਾਜਾਂ ਦੇ ਲੋਕਾਂ ਨੂੰ ਸੰਵੇਦਨਸ਼ੀਲ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਲੋਕਾਂ ਨੂੰ ਨਾਗਰਿਕ ਜ਼ਿੰਮੇਵਾਰੀਆਂ ਦਾ ਧਿਆਨ ਰੱਖਣ ਲਈ ਵੀ ਕਿਹਾ ਹੈ। ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਦੋਹਾਂ ਧਿਰਾਂ ਦਾ ਪੱਖ ਸੁਣ ਕੇ ਫੈਸਲਾ ਦਿੱਤਾ ਹੈ, ਪਰ ਜੇ ਫੇਰ ਵੀ ਕੋਈ ਮੁੱਦਾ ਬਾਕੀ ਹੈ ਤਾਂ ਦੋਹਾਂ ਸੂਬਿਆਂ ਦੀ ਲੀਡਰਸ਼ਿਪ ਉਸ 'ਤੇ ਗੱਲਬਾਤ ਕਰ ਸਕਦੀ ਹੈ। ਉਧਰ ਪੁਲਸ ਨੇ ਕਿਹਾ ਕਿ ਬੰਗਲੌਰ ਸ਼ਹਿਰ 'ਚ ਸ਼ਾਂਤੀ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਅਮਨ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਹਿੰਸਾ ਨੂੰ ਕਿਸੇ ਵੀ ਸਥਿਤੀ 'ਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਬੰਗਲੌਰ ਪੁਲਸ ਨੇ ਇੱਕ ਟਵਿੱਟਰ ਸੁਨੇਹੇ ਰਾਹੀਂ ਲੋਕਾਂ ਨੂੰ ਐੰਮਰਜੈਂਸੀ 'ਚ 100 ਨੰਬਰ 'ਤੇ ਫੋਨ ਕਰਨ ਲਈ ਕਿਹਾ ਹੈ। ਇੱਕ ਸਰਕਾਰੀ ਤਰਜਮਾਨ ਨੇ ਕਿਹਾ ਕਿ ਬੰਗਲੌਰ 'ਚ ਜਨਤਕ ਟਰਾਂਸਪੋਰਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਅਤੇ ਦੱਖਣੀ ਪੱਛਮੀ ਰੇਲਵੇ ਦੇ ਮੁਸਾਫਰਾਂ ਦੀ ਸੁਵਿਧਾ ਲਈ ਕਈ ਸਪੈਸ਼ਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਤਣਾਅ ਦਰਮਿਆਨ ਤਾਮਿਲਨਾਡੂ ਦੀ ਮੁੱਖ ਮੇਤਰੀ ਜੈਲਲਿਤਾ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੂੰ ਕਰਨਾਟਕ 'ਚ ਤਾਮਿਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲੀ ਕੀਤੀ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਲੋਕਾਂ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।