ਭਾਈ ਲਾਲੋਆਂ ਨੂੰ ਚੇਤੰਨ ਕਰ ਰਿਹੈ 'ਨਵਾਂ ਜ਼ਮਾਨਾ' : ਸੁਰਜੀਤ ਸਿੰਘ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
'ਨਵਾਂ ਜ਼ਮਾਨਾ' ਇੱਕੋ-ਇੱਕ ਅਜਿਹਾ ਅਖਬਾਰ ਹੈ, ਜਿਹੜਾ ਗਦਰੀ ਬਾਬਿਆਂ, ਆਜ਼ਾਦੀ ਸੰਗਰਾਮੀਆਂ ਤੇ ਦੇਸ਼ ਭਗਤਾਂ ਦੀ ਸੋਚ ਨੂੰ ਅੱਜ ਦੇ ਹਾਲਾਤ 'ਚ ਅੱਗੇ ਲਿਜਾ ਰਿਹਾ ਹੈ। ਇਸ ਦੀ ਵਿਚਾਰਧਾਰਕ ਚੇਤਨਾ ਭਾਈ ਲਾਲੋਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਚੇਤੰਨ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਸੁਰਜੀਤ ਸਿੰਘ (ਪੋਤਰਾ ਗਦਰੀ ਬਾਬਾ ਅਰੂੜ ਸਿੰਘ ਚੂਹੜ ਚੱਕ) ਨੇ ਅੱਜ ਇੱਥੇ ਕੀਤਾ। ਉਹ 'ਨਵਾਂ ਜ਼ਮਾਨਾ ਮਸ਼ੀਨਰੀ ਫੰਡ' 'ਚ ਆਪਣਾ ਹਿੱਸਾ ਪਾਉਣ ਆਏ ਸਨ। ਅਦਾਰੇ ਨੂੰ ਦਸ ਹਜ਼ਾਰ ਰੁਪਏ ਦਾ ਚੈੱਕ ਭੇਟ ਕਰਦਿਆਂ ਉਹਨਾ ਕਿਹਾ ਕਿ ਸਾਡੇ ਪਰਵਾਰ ਵਿੱਚ ਤਾਂ ਇਸ ਅਖਬਾਰ ਨੂੰ 'ਆਪਣੀ ਅਖਬਾਰ' ਸਮਝਿਆ ਜਾਂਦਾ ਹੈ। ਇਸ ਪ੍ਰਗਤੀਵਾਦੀ ਅਖਬਾਰ ਲਈ ਉਨ੍ਹਾ ਦਾ ਪਰਵਾਰ ਪਹਿਲਾਂ ਵੀ ਯੋਗਦਾਨ ਪਾਉਂਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਇਸ ਪ੍ਰੰਪਰਾ ਨੂੰ ਕਾਇਮ ਰੱਖੇਗਾ।