ਪੈਰਾ ਉਲੰਪਿਕ; ਇੱਕ ਮਿੰਟ ਦੇਰ ਨਾਲ ਪਹੁੰਚਣ ਕਾਰਨ ਮੈਡਲ ਤੋਂ ਖੁੰਝ ਗਿਆ ਸੁੰਦਰ ਸਿੰਘ


ਰੀਓ ਡੀ ਜਨੈਰਿਓ (ਨਵਾਂ ਜ਼ਮਾਨਾ ਸਰਵਿਸ)-ਰੀਓ ਪੈਰਾ ਉਲੰਪਿਕ 'ਚ ਭਾਰਤ ਲਈ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ।
ਮੀਡੀਆ ਰਿਪੋਰਟਾਂ ਮੁਤਾਬਕ, ਜਿਸ ਈਵੈਂਟ 'ਚ ਦੇਵਿੰਦਰ ਝਾਝਰੀਆ ਨੇ ਗੋਲਡ ਮੈਡਲ ਜਿੱਤਿਆ ਹੈ, ਉਸ ਈਵੈਂਟ 'ਚ ਸੁੰਦਰ ਸਿੰਘ ਗੁੱਜਰ ਵੀ ਮੈਡਲ ਦੇ ਦਾਅਵੇਦਾਰ ਸਨ, ਪਰ ਇੱਕ ਮਿੰਟ 20 ਸੈਕਿੰਡ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਆਯੋਗ ਕਰਾਰ ਦੇ ਦਿੱਤਾ ਗਿਆ। ਪੈਰਾ ਉਲੰਪਿਕ ਕਮੇਟੀ ਆਫ਼ ਇੰਡੀਆ ਨੇ ਇਸ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ। ਇਸ ਬਾਰੇ ਕਮੇਟੀ ਦੇ ਖ਼ਜ਼ਾਨਚੀ ਧੀਰਜ ਉਪਾਧਿਆਏ ਨੇ ਦਸਿਆ ਹੈ ਕਿ ਸੁੰਦਰ ਸਿੰਘ ਮੁਕਾਬਲੇ ਤੋਂ ਪਹਿਲਾਂ ਸਾਰੇ ਖਿਡਾਰੀਆਂ ਨਾਲ ਵਾਰਨਅੱਪ ਹੋ ਰਿਹਾ ਸੀ। ਮੁਕਾਬਲੇ ਲਈ ਆਵਾਜ਼ ਪੈਣ ਤੋਂ ਬਾਅਦ ਸੁੰਦਰ ਸਿੰਘ ਤੋਂ ਇਲਾਵਾ ਸਾਰੇ ਖਿਡਾਰੀ ਸਮੇਂ ਸਿਰ ਮੈਦਾਨ 'ਚ ਪਹੁੰਚ ਗਏ। ਸ਼ਾਇਦ ਵਾਰਨਅੱਪ ਉਸ ਦਾ ਧਿਆਨ ਜ਼ਿਆਦਾ ਚਲੇ ਗਿਆ ਅਤੇ ਉਹ ਆਪਣਾ ਨਾਂਅ ਨਹੀਂ ਸੁਣ ਸਕਿਆ।
ਸੁੰਦਰ ਸਿੰਘ ਦੇ ਜੀਜਾ ਸ਼ੇਰ ਸਿੰਘ ਖਟਾਨਾ ਨੇ ਸੁੰਦਰ ਵਿਰੁੱਧ ਸਾਜ਼ਿਸ਼ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਆਪਣੇ ਬਿਆਨ 'ਚ ਕਿਹਾ ਕਿ ਸੁੰਦਰ ਸਿੰਘ ਜਦੋਂ ਵਾਰਨਅੱਪ ਤੋਂ ਬਾਅਦ ਕਾਲ ਰੂਮ ਪਰਤ ਰਿਹਾ ਸੀ ਤਾਂ ਕਿਸੇ ਨੇ ਉਸ ਦੇ ਗਲੇ 'ਚ ਮਾਲਾ ਪਾ ਦਿੱਤੀ, ਜਿਸ ਦੀ ਮਹਿਕ ਨਾਲ ਉਹ ਕੁਝ ਸਮੇਂ ਲਈ ਹੋਸ਼ ਖੋਹ ਬੈਠਾ ਅਤੇ ਉਸ ਨੂੰ ਦੇਰ ਹੋ ਗਈ। ਦੂਜੇ ਪਾਸੇ ਉਸ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਸਮਝ ਸਕਣ ਕਰਕੇ ਅਜਿਹਾ ਵਾਪਰਿਆ ਹੈ। 2 ਅਗਸਤ ਨੂੰ ਸ਼ੇਰ ਸਿੰਘ ਨੇ ਦੋਸ਼ ਲਾਇਆ ਸੀ ਕਿ ਝਾਝਰੀਆ ਵੱਲੋਂ ਸੁੰਦਰ ਸਿੰਘ ਨੂੰ ਡੋਪ ਟੈਸਟ 'ਚ ਫਸਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਉਸ ਨੂੰ ਜੂਸ 'ਚ ਪਾਬੰਦੀਸ਼ੁਦਾ ਪਦਾਰਥ ਪਿਲਾਇਆ ਜਾ ਸਕਦਾ ਹੈ। ਇਸ ਮਾਮਲੇ ਦੇ ਬਾਅਦ ਸੁੰਦਰ ਸਿੰਘ ਨੇ ਕਿਹਾ ਕਿ ਜੋ ਹੋਣਾ ਸੀ, ਉਹ ਹੋ ਗਿਆ ਅਤੇ ਅਗਲੇ ਸਾਲ ਹੀ ਵਿਸ਼ਵ ਚੈਂਪੀਅਨ ਬਣੇਗਾ। ਸੁੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਮੈਡਲ ਬਿਨਾਂ ਹੀ ਵਤਨ ਪਰਤ ਰਿਹਾ ਹੈ। ਭਾਰਤ ਨੇ ਰੀਓ ਪੈਰਾ ਉਲੰਪਿਕ 'ਚ ਹੁਣ ਤੱਕ 12 ਮੈਡਲ ਜਿਤੇ ਹਨ, ਜਿਨ੍ਹਾ 'ਚ 4 ਸੋਨੇ, 4 ਚਾਂਦੀ ਅਤੇ ਤਿੰਨ ਕਾਂਸੇ ਦੇ ਤਮਗੇ ਹਨ।