Latest News

ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਮਿਲ ਕੇ ਘੇਰਨਗੇ ਭਾਰਤ ਤੇ ਅਫ਼ਗਾਨਿਸਤਾਨ

Published on 15 Sep, 2016 11:44 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦੀਆਂ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੇ ਪਾਕਿਸਤਾਨ ਨੂੰ ਭਾਰਤ ਅਤੇ ਅਫ਼ਗਾਨਿਸਤਾਨ ਨੇ ਸਖ਼ਤ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਵਿਚਾਲੇ ਹੋਈ ਮੁਲਾਕਾਤ ਦੌਰਾਨ ਦੋਹਾਂ ਮੁਲਕਾਂ ਨੇ ਰੱਖਿਆ ਅਤੇ ਕਾਰੋਬਾਰੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਅਤੇ ਫ਼ੈਸਲਾ ਲਿਆ ਕਿ ਅਗਲੀ ਹਾਰਟ ਆਫ਼ ਏਸ਼ੀਆ ਕਾਨਫ਼ਰੰਸ ਅੰਮ੍ਰਿਤਸਰ 'ਚ ਹੋਵੇਗੀ। ਮੋਦੀ ਅਤੇ ਗਨੀ ਨੇ ਇਸ ਖਿੱਤੇ 'ਚ ਸਿਆਸੀ ਟੀਚਿਆ ਨੂੰ ਹਾਸਲ ਕਰਨ ਲਈ ਲਗਾਤਾਰ ਅੱਤਵਾਦ ਦੀ ਵਰਤੋਂ ਕੀਤੇ ਜਾਣ ਬਾਰੇ ਚਿੰਤਾ ਜ਼ਾਹਿਰ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਦਵੱਲੇ ਮੁੱਦਿਆਂ ਬਾਰੇ ਚਰਚਾ ਕੀਤੀ।
ਪ੍ਰਭੂਸਤਾ ਸੰਪਨ, ਸ਼ਾਂਤੀਪੂਰਨ ਸਥਿਰ ਅਤੇ ਖੁਸ਼ਹਾਲ ਅਫ਼ਗਾਨਿਸਤਾਨ ਲਈ ਭਾਰਤ ਦੇ ਪੱਕੇ ਸਮੱਰਥਨ ਦੀ ਗੱਲ ਦੁਹਰਾਉਂਦਿਆਂ ਮੋਦੀ ਨੇ ਸਿੱਖਿਆ, ਸਿਹਤ, ਖੇਤੀ, ਕੌਸ਼ਲ ਵਿਕਾਸ, ਮਹਿਲਾ ਸ਼ਕਤੀਕਰਨ, ਊਰਜਾ, ਬੁਨਿਆਦੀ ਢਾਂਚੇ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ 'ਚ ਭਾਰਤ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ਨੂੰ ਇੱਕ ਅਰਬ ਡਾਲਰ ਦੀ ਮਦਦ ਦੀ ਵੀ ਪੇਸ਼ਕਸ਼ ਕੀਤੀ। ਦੋਵਾਂ ਦੇਸ਼ਾਂ ਨੇ ਹਵਾਲਗੀ ਸਮਝੌਤਾ ਨਾਗਰਿਕ ਅਤੇ ਵਣਜ ਮਾਮਲਿਆਂ 'ਚ ਸਹਿਯੋਗ ਲਈ ਤਿੰਨ ਸਮਝੌਤਿਆਂ 'ਤੇ ਦਸਤਖਤ ਕੀਤੇ। ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਦੋਹਾਂ ਆਗੂਆਂ ਨੇ ਖੇਤਰੀ ਹਾਲਾਤ ਬਾਰੇ ਚਰਚਾ ਕੀਤੀ ਅਤੇ ਖੇਤਰ 'ਚ ਸਿਆਸੀ ਟੀਚਿਆਂ ਦੀ ਪ੍ਰਾਪਤੀ ਲਈ ਅੱਤਵਾਦ ਅਤੇ ਹਿੰਸਾ ਦੀ ਵਰਤੋਂ ਕੀਤੇ ਜਾਣ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ਲਈ ਸਹਿਮਤ ਹੋਏ ਹਨ ਕਿ ਇਹ ਘਟਨਾਕ੍ਰਮ ਇਸ ਖਿਤੇ ਦੀ ਸ਼ਾਂਤੀ, ਸਥਿਰਤਾ ਅਤੇ ਵਿਕਾਸ ਲਈ ਸਭ ਤੋਂ ਵੱਡਾ ਖ਼ਤਰਾ ਹੈ। ਪਾਕਿਸਤਾਨ ਦਾ ਨਾਂਅ ਲਏ ਬਗ਼ੈਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਬਿਨਾਂ ਭੇਦਭਾਵ ਦੇ ਹਰ ਤਰ੍ਹਾਂ ਦੇ ਅੱਤਵਾਦ ਦਾ ਖਾਤਮਾ ਜ਼ਰੂਰੀ ਹੈ। ਦੋਹਾਂ ਧਿਰਾਂ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਿਆਂ, ਸਮੱਰਥਕਾਂ, ਸੁਰੱਖਿਅਤ ਪਨਾਹਗਾਹਾਂ ਅਤੇ ਠਿਕਾਣਿਆਂ ਨੂੰ ਨੇਸਤੋਨਾਬੂਦ ਕਰਨ ਦਾ ਅਹਿਦ ਲਿਆ।
ਜੈਸ਼ੰਕਰ ਨੇ ਦਸਿਆ ਕਿ ਕਿੱਲਤ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਨੂੰ 1.75 ਲੱਖ ਟਨ ਕਣਕ ਦੀ ਸਪਲਾਈ ਕਰਨ ਦੀ ਭਾਰਤ ਨੇ ਪੇਸ਼ਕਸ਼ ਕੀਤੀ ਹੈ। ਉਨ੍ਹਾ ਕਿਹਾ ਕਿ ਭਾਰਤ ਕਣਕ ਦੀ ਸਪਲਾਈ ਕਰਨਾ ਚਾਹੁੰਦਾ ਹੈ ਅਤੇ ਇਸ ਮਕਸਦ ਨਾਲ ਭਾਰਤ ਨੇ ਪਾਕਿਸਤਾਨ ਨੂੰ ਟ੍ਰਾਂਜ਼ਿਟ ਲਈ ਬੇਨਤੀ ਕੀਤੀ ਸੀ, ਪਰ ਪਾਕਿਸਤਾਨ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਹੈ।

576 Views

e-Paper