ਛੇੜਖਾਨੀ ਨੂੰ ਲੈ ਕੇ ਦੋ ਧਿਰਾਂ 'ਚ ਗੋਲੀਆਂ ਚੱਲੀਆਂ, 3 ਦੀ ਮੌਤ


ਬਿਜਨੌਰ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਬਿਜਨੌਰ ਸ਼ਹਿਰ ਦੇ ਨੇੜਲੇ ਪਿੰਡ ਪੈਦਾ 'ਚ ਸ਼ੁੱਕਰਵਾਰ ਸਵੇਰੇ ਛੇੜਖਾਨੀ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ। ਏ ਡੀ ਜੀ ਐਲ ਓ ਦਲਜੀਤ ਸਿੰਘ ਅਤੇ ਪ੍ਰਮੁੱਖ ਸਕੱਤਰ ਦੇਵਸ਼ੀਸ਼ ਨੇ ਇਸ ਲੜਾਈ 'ਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਝਗੜੇ 'ਚ ਜ਼ਖ਼ਮੀ ਹੋਏ 6 ਵਿਅਕਤੀਆਂ ਨੂੰ ਮੇਰਠ ਰੈਫ਼ਰ ਕੀਤਾ ਗਿਆ ਹੈ। ਕਈ ਹੋਰ ਵਿਅਕਤੀਆਂ ਦੇ ਵੀ ਸੱਟਾਂ ਵੱਜੀਆਂ ਹਨ।
ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ ਅੱਠ ਵਜੇ ਕੁਝ ਵਿਦਿਆਰਥਣਾ ਸਕੂਲ ਜਾ ਰਹੀਆਂ ਸਨ। ਬਿਜਨੌਰ-ਨਜ਼ੀਬਾਬਾਦ ਰੋਡ ਸਥਿਤ ਪੈਦਾ ਨੇੜੇ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ। ਇਸੇ ਦੌਰਾਨ ਬੱਚੀਆਂ ਦੇ ਕੁਝ ਰਿਸ਼ਤੇਦਾਰ ਵੀ ਉਥੇ ਆ ਗਏ। ਲੜਕੀਆਂ ਦੇ ਜਾਣਕਾਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਹਾਂ ਧਿਰਾਂ 'ਚ ਮਾਰਕੁੱਟ ਸ਼ੁਰੂ ਹੋ ਗਈ। ਜਦੋਂ ਇਹ ਖ਼ਬਰ ਪਿੰਡ ਪਹੁੰਚੀ ਤਾਂ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਤੇ ਇੱਕ ਦੂਜੇ ਉਪਰ ਪਥਰਾਓ ਸ਼ੁਰੂ ਹੋ ਗਿਆ। ਦੋਹਾਂ ਪਾਸਿਆਂ ਤੋਂ ਜੰਮ ਕੇ ਫਾਇਰਿੰਗ ਹੋਈ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਹਸਪਤਾਲ ਦੇ ਇਕ ਅਧਿਕਾਰੀ ਨੇ ਦਸਿਆ ਹੈ ਕਿ 7 ਗੰਭੀਰ ਜ਼ਖ਼ਮੀਆਂ ਨੂੰ ਮੇਰਠ ਰੈਫਰ ਕੀਤਾ ਗਿਆ ਹੈ, ਜਿਨ੍ਹਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।