ਏਟਕ ਆਗੂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਵਿਰੁੱਧ ਸੀ ਪੀ ਆਈ ਵੱਲੋਂ ਤਾੜਨਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਏਟਕ ਦੇ ਪ੍ਰਧਾਨ ਅਤੇ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਏਟਕ ਦੇ ਜ਼ਿਲ੍ਹਾ ਮੁਹਾਲੀ ਤੇ ਵਿਸ਼ੇਸ਼ ਕਰਕੇ ਡੇਰਾ ਬੱਸੀ ਦੇ ਆਗੂ ਵਿਨੋਦ ਚੁੱਘ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਏਟਕ ਦੇ ਉਪ ਪ੍ਰਧਾਨ ਵਿਨੋਦ ਚੁੱਘ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਏਟਕ, ਸੀ ਪੀ ਆਈ ਅਤੇ ਹੋਰ ਜਮਹੂਰੀ ਪਾਰਟੀਆਂ ਇਸ ਵਰਤਾਰੇ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢਣਗੀਆਂ।
ਬੰਤ ਬਰਾੜ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਵਿਨੋਦ ਚੁੱਘ ਜ਼ਿਲ੍ਹਾ ਮੁਹਾਲੀ ਤੇ ਵਿਸ਼ੇਸ਼ ਕਰਕੇ ਡੇਰਾ ਬਸੀ ਤਹਿਸੀਲ ਵਿਚ ਟਰੇਡ ਯੂਨੀਅਨ ਮੁਹਾਜ਼ 'ਤੇ ਸਰਗਰਮ ਹੈ। ਉਹ ਪੰਜਾਬ ਏਟਕ ਦਾ ਉਪ-ਪ੍ਰਧਾਨ ਹੋਣ ਕਰਕੇ ਸੂਬਾਈ ਆਗੂ ਵੀ ਹੈ। ਪਿਛਲੇ 15-16 ਸਾਲਾਂ ਤੋਂ ਮਜ਼ਦੂਰਾਂ, ਪੇਂਡੂ ਗਰੀਬਾਂ, ਕਿਸਾਨਾਂ ਅਤੇ ਸ਼ਹਿਰੀ ਲੋਕਾਂ ਦੇ ਆਰਥਿਕ ਅਤੇ ਜਮਹੂਰੀ ਹੱਕਾਂ ਵਾਸਤੇ ਲੜਨ ਵਾਲਾ ਇਕ ਸੱਚਾ-ਸੁੱਚਾ, ਇਮਾਨਦਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਸਰਗਰਮ ਲੀਡਰ ਤੇ ਜ਼ਿਲ੍ਹਾ ਮੁਹਾਲੀ ਸੀ ਪੀ ਆਈ ਦਾ ਕੌਂਸਲ ਮੈਂਬਰ ਵੀ ਹੈ।
ਉਨ੍ਹਾ ਦੱਸਿਆ ਹੈ ਕਿ ਇਹ ਇਕ ਅਤਿਅੰਤ ਦੁੱਖਦਾਇਕ ਗੱਲ ਹੈ ਕਿ ਪਿਛਲੇ ਇਕ ਹਫਤੇ ਤੋਂ ਉਸ ਨੂੰ ਸਥਾਨਕ ਪੁਲਸ ਅਤੇ ਪੰਜਾਬ ਕਿਰਤ ਵਿਭਾਗ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੂੰ ਹਰ ਰੋਜ਼ ਹੀ ਡੇਰਾ ਬੱਸੀ ਪੁਲਸ ਵਲੋਂ ਡਰਾਇਆ-ਧਮਕਾਇਆ ਜਾਂਦਾ ਹੈ ਤੇ ਇਹ ਦੋਸ਼”ਲਾਇਆ ਜਾਂਦਾ ਹੈ ਕਿ ਪੰਜਾਬ ਪੁਲਸ ਅਤੇ ਕੇਂਦਰ ਸਰਕਾਰ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਵਿਨੋਦ ਚੁੱਘ ਦੇ ਅੱਤਵਾਦੀਆਂ ਨਾਲ ਸੰਬੰਧ ਹਨ ਅਤੇ ਉਹ ਬੰਬ ਆਦਿ ਰਾਹੀਂ ਅਕਾਲੀ-ਭਾਜਪਾ ਦੀਆਂ ਰੈਲੀਆਂ 'ਤੇ ਹਮਲਾ ਕਰ ਸਕਦਾ ਹੈ। ਬੰਤ ਬਰਾੜ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਇਹ ਇੱਕ ਰਾਜਨੀਤਕ ਵਿਰੋਧੀਆਂ ਦਾ ਮੂੰਹ ਬੰਦ ਕਰਨ ਦੀ ਸਾਜ਼ਿਸ਼ ਹੈ। ਉਨ੍ਹਾ ਕਿਹਾ ਕਿ ਇਹ ਗੱਲ ਮੁੱਖ ਮੰਤਰੀ ਦੀ ਜਾਣਕਾਰੀ ਵਿਚ ਹੋਣੀ ਚਾਹੀਦੀ ਹੈ ਕਿ ਇਸ ਇਲਾਕੇ ਦੇ ਕੁਝ ਭ੍ਰਿਸ਼ਟ ਤੇ ਸੌੜੀ ਰਾਜਨੀਤਕ ਸੋਚ ਰੱਖਣ ਵਾਲੇ ਅੰਸ਼ਾਂ ਦੀ ਪੁਲਸ ਨਾਲ ਮਿਲੀਭੁਗਤ ਹੋਣ ਕਰਕੇ ਇਮਾਨਦਾਰ ਕਾਰਕੁਨਾਂ ਵਿਰੁੱਧ ਅਜਿਹੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ। ਇਲਾਕੇ ਦੇ ਲੋਕਾਂ ਵਲੋਂ ਥਾਣੇ ਵਿਚ ਜਾ ਕੇ ਸਾਥੀ ਚੁੱਘ ਬਾਰੇ ਸਪੱਸ਼ਟੀਕਰਨ ਦੇਣ ਦੇ ਬਾਵਜੂਦ ਸਾਥੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਦੋਂ ਸਥਾਨਕ ਪੁਲਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਕਿਸ ਵਿਅਕਤੀ ਦੀ ਸ਼ਕਾਇਤ ਹੈ ਤਾਂ ਉਹਨਾਂ ਨੇ ਨਾਂਅ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸੇ ਪ੍ਰਕਾਰ ਹੀ ਚੰਡੀਗੜ੍ਹ ਤੋਂ ਫੋਨ ਕੀਤੇ ਗਏ ਤੇ ਫੋਨ ਕਰਨ ਵਾਲਾ ਆਪਣੇ ਆਪ ਨੂੰ ਖੁਫੀਆ ਵਿਭਾਗ ਦਾ ਅਫਸਰ ਦੱਸ ਰਿਹਾ ਹੈ। ਜ਼ੋਰ ਦੇਣ 'ਤੇ ਪੁਲਸ ਨੇ ਦਸਿਆ ਕਿ ਸ਼ਿਕਾਇਤਕਰਤਾ ਦਾ ਨਾਂਅ ਪਤਾ ਜਾਲ੍ਹੀ ਹੈ।
ਬੰਤ ਬਰਾੜ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੀ ਵੀ ਜਾਂਚ ਕੀਤੀ ਜਾਵੇ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਅਪੀਲ ਕੀਤੀ ਗਈ ਕਿ ਚੋਣਾਂ ਵੇਲੇ ਆਪਣੇ ਸਥਾਨਕ ਲੀਡਰਾਂ ਨੂੰ ਰਾਜਨੀਤਕ ਤੌਰ 'ਤੇ ਜਮਹੂਰੀ ਢੰਗ ਨਾਲ ਲੜਾਈ ਲੜਨ ਦੀ ਸਲਾਹ ਦਿੱਤੀ ਜਾਵੇ, ਨਾ ਕਿ ਪੁਲਸ ਅਤੇ ਗੁੰਡਾ ਅਨਸਰਾਂ ਰਾਹੀਂ। ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਅਜੇ ਵੀ ਇਸ ਪ੍ਰਕਾਰ ਹੀ ਸੀ ਪੀ ਆਈ ਤੇ ਹੋਰ ਜਮਹੂਰੀ ਸ਼ਕਤੀਆਂ ਵਿਰੁੱਧ ਇਹ ਘਟੀਆ ਕਿਸਮ ਦੀ ਬਦਲਾ-ਲਊ ਕਾਰਵਾਈ ਜਾਰੀ ਰਹੀ ਤਾਂ ਏਟਕ, ਸੀ ਪੀ ਆਈ ਅਤੇ ਹੋਰ ਜਮਹੂਰੀ ਪਾਰਟੀਆਂ ਦੀ ਮਦਦ ਨਾਲ ਜ਼ੋਰਦਾਰ ਸੰਘਰਸ਼ ਚਲਾਇਆ ਜਾਵੇਗਾ ਤਾਂ ਕਿ ਸਾਜ਼ਿਸ਼ ਘੜਨ ਵਾਲੇ ਅਨਸਰਾਂ ਨੂੰ ਸਖਤ ਸਜ਼ਾ ਦਿਤੀ ਜਾ ਸਕੇ, ਜੋ ਇਮਾਨਦਾਰ ਅਤੇ ਰਾਜਨੀਤਕ ਵਿਰੋਧੀਆਂ ਵਿਰੁਧ ਦੁਬਾਰਾ ਆਵਾਜ਼ ਨਾ ਉਠਾ ਸਕਣ ਅਤੇ ਇਸ ਅਮਨ ਅਤੇ ਸ਼ਾਂਤੀ ਰਖਣ ਵਾਲੇ ਇਲਾਕੇ ਨੂੰ ਬਦਨਾਮ ਨਾ ਕੀਤਾ ਜਾ ਸਕੇ।