ਚੋਣਾਂ ਜਿੱਤਾਂਗੇ ਤੇ ਪੰਜਾਬੀ ਹੀ ਬਣੇਗਾ ਮੁੱਖ ਮੰਤਰੀ : ਸੰਜੇ ਸਿੰਘ

ਪਿੰਡ ਛਪਾਰ (ਐੱਚ ਐੱਸ ਚੀਮਾ)-ਆਮ ਆਦਮੀ ਪਾਰਟੀ ਵੱਲੋਂ ਛਪਾਰ ਮੇਲੇ ਵਿੱਚ ਕਰਵਾਈ ਗਈ ਕਾਨਫਰੰਸ ਵਿੱਚ ਅੱਜ ਭਾਰੀ ਜਨ ਸੈਲਾਬ ਉਮੜਿਆ ਅਤੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਡਾਲ ਪੂਰੀ ਤਰ੍ਹਾਂ ਭਰ ਗਿਆ। ਰੈਲੀ ਸ਼ੁਰੂ ਹੁੰਦਿਆਂ-ਹੁੰਦਿਆਂ ਪੈਰ ਰੱਖਣ ਲਈ ਵੀ ਥਾਂ ਨਹੀਂ ਸੀ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਜਨ ਸੈਲਾਬ ਨੂੰ ਦੇਖ ਕੇ ਤੈਅ ਹੈ ਕਿ ਐੱਚ ਐੱਸ ਫੂਲਕਾ ਦੀ 2017 ਚੋਣਾਂ ਵਿੱਚ ਜ਼ਬਰਦਸਤ ਜਿੱਤ ਹੋਵੇਗੀ ਅਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਉਹਨਾ ਦਾਅਵਾ ਕੀਤਾ ਕਿ 2017 ਵਿੱਚ 'ਆਪ' ਪੰਜਾਬ ਵਿੱਚ 100 ਤੋਂ ਜ਼ਿਆਦਾ ਸੀਟਾਂ ਜਿੱਤੇਗੀ ਅਤੇ ਪੰਜਾਬੀ ਹੀ ਮੁੱਖ ਮੰਤਰੀ ਬਣੇਗਾ। ਉਹਨਾ ਕਿਹਾ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਬੁਖਲਾ ਗਈ ਹੈ ਅਤੇ ਆਪ ਨੂੰ ਮਿਲ ਰਹੇ ਜਨਤਾ ਦੇ ਭਾਰੀ ਸਮਰਥਨ ਤੋਂ ਘਬਰਾ ਕੇ ਆਪ ਦੇ ਵਾਲੰਟੀਅਰਾਂ ਉੱਪਰ ਹਮਲੇ ਅਤੇ ਪਰਚੇ ਕਰਵਾ ਰਿਹਾ ਹੈ। ਬਾਦਲਾਂ ਤੋਂ ਡਰਨ ਦੀ ਲੋੜ ਨਹੀਂ, 2017 ਤੋਂ ਬਾਅਦ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ। ਉਹਨਾ ਰਵਾਇਤੀ ਰਾਜਨੀਤੀ ਵਿੱਚ ਪਰਵਾਰਵਾਦ ਦੇ ਖਿਲਾਫ ਬੋਲਦਿਆਂ ਕਿਹਾ ਕਿ ਚੰਦ ਪਰਵਾਰਾਂ ਨੇ ਭਾਰਤ ਦੀ ਰਾਜਨੀਤੀ 'ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾ ਕਿਹਾ ਕਿ ਉਹ ਪਰਵਾਰਵਾਦ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ।
ਇਸ ਮੌਕੇ ਐੱਚ ਐੱਸ ਫੂਲਕਾ ਨੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਅਤੇ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੀ ਜ਼ਿੰਮੇਵਾਰ ਹੈ, ਪਰ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਉਹਨਾ ਨੇ ਇਸ ਕੇਸ ਦੇ ਇੱਕ ਗਵਾਹ ਨੂੰ ਮੁਕਰਾਉਣ ਲਈ ਦੋ ਅਕਾਲੀ ਲੀਡਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਹਨਾ ਕਿਹਾ ਕਿ ਕਾਂਗਰਸ ਅਤੇ ਅਕਾਲੀ ਦੋਵੇਂ ਆਪਸ ਮਿਲ ਕੇ ਇੱਕ-ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਫੂਲਕਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ, ਨਸ਼ਿਆਂ, ਬੇਰੁਜ਼ਗਾਰੀ ਅਤੇ ਧੱਕੇਸ਼ਾਹੀ ਦੀ ਦਲਦਲ ਵਿੱਚੋਂ ਕੱਢਣ ਲਈ ਇਸ ਵਾਰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦੇਣ।
ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਦਾਖਾ ਹਲਕੇ ਤੋਂ ਉਮੀਦਵਾਰ ਐੱਚ ਐੱਸ ਫੂਲਕਾ, ਕੰਵਰ ਸੰਧੂ ਵਰਗੇ ਦਿੱਗਜ਼ਾਂ ਨੇ ਆਪਣੇ ਇਨਕਲਾਬੀ ਵਿਚਾਰ ਰੱਖ ਕੇ ਪੰਡਾਲ ਵਿੱਚ ਬੈਠੇ ਲੋਕਾਂ ਵਿੱਚ ਜੋਸ਼ ਭਰ ਦਿੱਤਾ। ਜਰਨੈਲ ਸਿੰਘ ਕਿਹਾ ਉਪ ਮੁੱਖ ਮੰਤਰੀ ਦਾ ਨਾਂਅ ਸੁਖਬੀਰ ਸਿੰਘ, ਪਰ ਪੰਜਾਬ ਸੁਖੀ ਨਹੀਂ। ਪੰਜਾਬ ਦਾ ਹਰ ਵਰਗ ਦੁਖੀ ਹੈ। ਕਾਂਗਰਸ ਨੇ ਪੰਜਾਬ ਦੇ ਪਾਣੀਆਂ ਦਾ ਹੱਕ ਖੋਹਿਆ ਹੈ। ਕਿਸਾਨਾਂ ਦੀ ਐੱਸ ਵਾਈ ਐੱਲ ਲਈ ਜ਼ਮੀਨ ਬਾਦਲ ਨੇ ਲਈ ਸੀ। ਉਹਨਾ ਕਿਹਾ ਕਿ ਅੰਮ੍ਰਿਤਸਰ ਸਾਹਿਬ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ, ਜਦੋਂਕਿ ਬਾਦਲ ਸਰਕਾਰ ਅੱਜ ਤਕ ਤੰਮਾਕੂ ਦੀਆਂ ਦੁਕਾਨਾਂ ਵੀ ਬੰਦ ਨਹੀਂ ਕਰਵਾ ਸਕੀ। ਉਹਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਾਦਲ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਪਰ ਅਜੇ ਤੱਕ ਦੋਸ਼ੀ ਨਹੀਂ ਫੜੇ ਗਏ। ਉਹਨਾ ਨਵਜੋਤ ਸਿੰਘ ਸਿੱਧੂ ਅਤੇ ਉਹਨਾ ਦੀ ਪਤਨੀ ਨਵਜੋਤ ਕੌਰ ਸਿੱਧੂ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਦੋਵੇਂ ਅਕਾਲੀਆਂ ਅਤੇ ਆਰ ਐੱਸ ਐੱਸ ਦੀ ਬੀ ਟੀਮ ਹਨ। ਉਹਨਾ ਕਿਹਾ ਕਿ ਪੰਜਾਬ ਵਿੱਚ ਸਿਰਫ ਇੱਕੋ-ਇੱਕ ਮੋਰਚਾ ਆਮ ਆਦਮੀ ਪਾਰਟੀ ਹੈ। ਇਸ ਮੌਕੇ ਕੰਵਰ ਸੰਧੂ ਨੇ ਕਿਹਾ ਕਿ ਦੋ ਸਾਲਾਂ 'ਚ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ, ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ। ਫਸਲ ਦੀ 24 ਘੰਟਿਆਂ ਵਿੱਚ ਖਰੀਦ ਅਤੇ 72 ਘੰਟਿਆਂ ਵਿੱਚ ਅਦਾਇਗੀ ਕੀਤੀ ਜਾਵੇਗੀ। ਨੌਜਵਾਨਾਂ ਤੇ ਲੋਕਾਂ ਨੂੰ ਨਜਾਇਜ਼ ਅੰਦਰ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ ਵਰਗਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਸਮਾਗਮ ਨੂੰ ਪ੍ਰੋ. ਸਾਧੂ ਸਿੰਘ ਐੱਮ ਪੀ, ਗੁਰਬਿੰਦਰ ਸਿੰਘ ਕੰਗ, ਦਲਜੀਤ ਸਿੰਘ ਭੋਲਾ, ਗੁਰਪਰੀਤ ਸਿੰਘ ਲਾਪਰਾਂ, ਮੀਤ ਹੇਅਰ ਅਤੇ ਕਰਨਲ ਦਰਸ਼ਨ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਭੱਟੀ, ਕਰਨਵੀਰ ਸਿੰਘ ਕੰਗ, ਜੱਸੀ ਸੇਖੋਂ, ਅਨੂ ਰੰਧਾਵਾ, ਜਗਰੂਪ ਸਿੰਘ ਜਰਖੜ, ਸੁਖਵਿੰਦਰ ਸਿੰਘ ਸੁੱਖੀ, ਦਰਸ਼ਨ ਸਿੰਘ ਸ਼ੰਕਰ, ਬਲਵਿੰਦਰ ਸਿੰਘ ਜੱਗਾ, ਅਮਰਜੋਤ ਸਿੰਘ ਮਾਸਟਰ ਹਰੀ ਸਿੰਘ, ਅੰਮ੍ਰਿਤਪਾਲ ਸਿੰਘ, ਨਰਿੰਦਰ ਕੁਮਾਰ, ਸੰਦੀਪ ਪੰਧੇਰ, ਪੁਨੀਤ ਸਾਹਨ , ਰਾਜ ਫਤੇਹ ਸਿੰਘ ਅਤੇ ਸਾਹਿਬਜੀਤ ਸਿੰਘ ਜਰਖੜ ਵੀ ਹਾਜ਼ਰ ਸਨ।