ਸਿਸੋਦੀਆ ਦਾ ਫ਼ਿਨਲੈਂਡ ਦੌਰਾ ਰੱਦ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਵਿੱਚ ਕੇਜਰੀਵਾਲ ਸਰਕਾਰ ਅਤੇ ਉੱਪ ਰਾਜਪਾਲ ਨਜੀਬਜੰਗ ਨੇ ਮੁੜ ਇੱਕ ਦੂਜੇ ਵਿਰੁੱਧ ਤਲਵਾਰਾਂ ਖਿੱਚ ਲਈਆਂ ਹਨ। ਤਾਜ਼ਾ ਮਾਮਲਾ ਨਜੀਬਜੰਗ ਵੱਲੋਂ ਜਾਰੀ ਕੀਤੇ ਗਏ ਉਸ ਹੁਕਮ ਤੋਂ ਬਾਅਦ ਆਇਆ, ਜਦੋਂ ਉਨ੍ਹਾਂ ਨੇ ਫ਼ਿਨਲੈਂਡ ਦੇ ਦੌਰੇ 'ਤੇ ਗਏ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਹ ਕਹਿੰਦੇ ਹੋਏ ਵਾਪਸ ਆਉਣ ਲਈ ਕਿਹਾ ਕਿ ਦਿੱਲੀ ਵਿੱਚ ਡੇਂਗੂ ਅਤੇ ਚਿਕਨਗੁਨੀਆ ਕਾਰਨ ਹਾਲਾਤ ਖ਼ਰਾਬ ਹਨ ਅਤੇ ਇੱਥੇ ਬਹੁਤ ਜ਼ਰੂਰਤ ਹੈ। ਉੱਪ ਰਾਜਪਾਲ ਦੇ ਇਸ ਹੁਕਮ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਖੁਦ ਮਨੀਸ਼ ਸਿਸੋਦੀਆ ਅਤੇ ਮੰਤਰੀ ਕਪਿਲ ਮਿਸ਼ਰਾ ਨੇ ਨਜੀਬਜੰਗ ਬਾਰੇ ਸਵਾਲ ਖੜੇ ਕੀਤੇ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਸਿਸਟਮ ਨੂੰ ਸੁਧਾਰਨ ਲਈ ਉਹ ਇੰਗਲੈਂਡ ਦੇ ਦੌਰੇ 'ਤੇ ਗਏ ਹਨ। ਮਨੀਸ਼ ਨੇ ਕਿਹਾ ਕਿ ਉਹ ਫਿਨਲੈਂਡ ਸਿੱਖਿਆ ਦੌਰੇ 'ਤੇ ਹਨ ਅਤੇ ਉਹ ਕੋਈ ਛੁੱਟੀਆਂ ਮਨਾਉਣ ਨਹੀਂ ਗਏ ਹਨ। ਦੱਸਿਆ ਜਾਂਦਾ ਹੈ ਕਿ ਮਨੀਸ਼ ਸਿਸੋਦੀਆ ਆਪਣਾ ਦੌਰਾ ਵਿੱਚੇ ਛੱਡ ਕੇ ਐਤਵਾਰ ਨੂੰ ਦਿੱਲੀ ਪਰਤ ਰਹੇ ਹਨ। ਇੱਧਰ ਦਿੱਲੀ ਸਰਕਾਰ ਦੇ ਦੋ ਮੰਤਰੀ ਨਜੀਬਜੰਗ ਨੂੰ ਮਿਲਣ ਲਈ ਉਨ੍ਹਾ ਦੇ ਘਰ ਗਏ, ਪਰ ਸਤਿੰਦਰ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਨਜੀਬਜੰਗ ਖੁਦ ਲੰਮੇ ਛੁੱਟੀ ਤੋਂ ਅਮਰੀਕਾ ਤੋਂ ਪਰਤੇ ਹਨ। ਮਿਸ਼ਰਾ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਡੇਂਗੂ ਅਤੇ ਚਿਕਨਗੁਨੀਆ ਦਾ ਕਹਿਰ ਚੱਲ ਰਿਹਾ ਹੈ, ਪਰ ਉੱਪ ਰਾਜਪਾਲ ਨੇ ਆਪਣੀ ਛੁੱਟੀ ਵਿੱਚ ਇੱਕ ਘੰਟਾ ਵੀ ਘੱਟ ਨਹੀਂ ਕੀਤਾ। ਕਪਿਲ ਮਿਸ਼ਰਾ ਨੇ ਸਵਾਲ ਖੜਾ ਕੀਤਾ ਕਿ ਜੇ ਉਪ ਰਾਜਪਾਲ ਦੇ ਮਨ ਵਿੱਚ ਖ਼ਿਆਲ ਆਇਆ ਸੀ ਤਾਂ ਉਹ ਮੈਨੂੰ ਜਾਂ ਸਤਿੰਦਰ ਜੈਨ ਨੂੰ ਬੁਲਾ ਸਕਦੇ ਸਨ। ਉਨ੍ਹਾਂ ਨੇ ਕਿਹਾ ਕਿ ਫ਼ਿਨਲੈਂਡ ਨੂੰ ਫ਼ੈਕਸ ਭੇਜਣ ਤੋਂ ਪਹਿਲਾਂ ਉੱਪ ਰਾਜਪਾਲ ਆਪਣੇ ਗੁਆਂਢੀ ਦੇ ਘਰ ਇੱਕ ਫ਼ੋਨ ਹੀ ਕਰ ਦਿੰਦੇ। ਉਨ੍ਹਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਰਾਜਪਾਲ ਨੇ ਮੀਟਿੰਗ ਕੀਤੀ ਸੀ ਜੇ ਕੋਈ ਚਿੰਤਾ ਸੀ ਤਾਂ ਉਹ ਮੀਟਿੰਗ ਵਿੱਚ ਬੋਲ ਸਕਦੇ ਸਨ। ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਕਿਹਾ ਸੀ ਕਿ ਸਾਰੇ ਮੱਤਭੇਦ ਭੁਲਾ ਕੇ ਸਾਰੇ ਮਿਲ ਕੇ ਦਿੱਲੀ ਲਈ ਕੰਮ ਕਰਨ।