Latest News
ਅੱਤਵਾਦ ਬਾਰੇ ਪਾਕਿਸਤਾਨ ਦਾ ਦੋਹਰਾ ਚਿਹਰਾ ਬੇਨਕਾਬ

Published on 17 Sep, 2016 11:24 AM.


ਵੈਂਜੂਏਲਾ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦ ਬਾਰੇ ਪਾਕਿਸਤਾਨ ਦਾ ਦੋਹਰਾ ਚਿਹਰਾ ਇੱਕ ਵਾਰ ਫੇਰ ਦੁਨੀਆ ਸਾਹਮਣੇ ਬੇਨਕਾਬ ਹੋ ਗਿਆ ਹੈ। ਵੈਂਜੂਏਲਾ 'ਚ ਗੁੱਟ-ਨਿਰਲੇਪ ਅੰਦੋਲਨ (ਨੈਮ) ਦੇ 17ਵੇਂ ਸੰਮੇਲਨ ਦੌਰਾਨ ਅੱਤਵਾਦ ਵਿਰੁੱਧ ਕਾਰਵਾਈ ਲਈ ਵਰਕਿੰਗ ਗਰੁੱਪ ਬਣਾਏ ਜਾਣ ਦੇ ਭਾਰਤ ਦੇ ਪ੍ਰਸਤਾਵ ਦਾ ਪਾਕਿਸਤਾਨ ਨੇ ਸਖ਼ਤ ਵਿਰੋਧ ਕੀਤਾ ਹੈ। ਰਿਪੋਰਟਾਂ ਮੁਤਾਬਕ ਨੈਮ ਦੇ ਕੂਟਨੀਤਕਾਂ ਨੇ ਕੌਮਾਂਤਰੀ ਪੱਧਰ 'ਤੇ ਅੱਤਵਾਦ ਵਿਰੁੱਧ ਕਾਰਵਾਈ ਲਈ ਵਰਕਿੰਗ ਗਰੁੱਪ ਬਣਾਏ ਜਾਣ ਦੀ ਦਿਸ਼ਾ ਵਿੱਚ ਗੱਲਬਾਤ ਕੀਤੀ ਤਾਂ ਪਾਕਿਸਤਾਨੀ ਪ੍ਰਤੀਨਿਧੀ ਤਸਲੀਮ ਅਸਲਮ ਨੇ ਇਕੱਲਿਆਂ ਹੀ ਇਸ ਤਜਵੀਜ਼ ਵਿਰੁੱਧ ਸਖ਼ਤ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਸ ਪ੍ਰਸਤਾਵ ਬਾਰੇ ਬਣੀ ਆਮ ਸਹਿਮਤੀ ਦੀ ਮੁਖਾਲਫ਼ਤ ਕੀਤੀ। ਨੈਮ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਕਰ ਰਹੇ ਸਨ। ਗੁੱਟ ਨਿਰਲੇਪ ਸਿਖ਼ਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ ਮੌਜੂਦਗੀ ਨੂੰ ਤਵੱਜੋ ਨਾ ਦਿੰਦਿਆਂ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀਆਂ ਦਾ ਸੰਮੇਲਨ ਨਹੀਂ ਹੈ।
ਓਧਰ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਦੀ ਰਿਪਬਲੀਕਨ ਪਾਰਟੀ (ਬੀ ਆਰ ਪੀ) ਦੇ ਮੁਖੀ ਬ੍ਰਹਮਦਾਗ ਬੁਗਤੀ ਨੂੰ ਭਾਰਤੀ ਨਾਗਰਿਕਤਾ ਮਿਲ ਚੁੱਕੀ ਹੈ ਅਤੇ ਉਸ ਨੂੰ ਭਾਰਤੀ ਪਾਸਪੋਰਟ ਦਿੱਤਾ ਜਾ ਚੁੱਕਾ ਹੈ। ਇਸ ਬਾਰੇ ਬੁਗਤੀ ਅਤੇ ਭਾਰਤੀ ਅਧਿਕਾਰੀਆਂ ਵਿਚਾਲੇ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਮੀਡੀਆ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਬੁਗਤੀ ਇਸ ਵੇਲੇ ਸਵਿੱਟਜ਼ਰਲੈਂਡ ਵਿੱਚ ਰਹਿ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਬਲੋਚਿਸਤਾਨ ਦਾ ਮੁੱਦਾ ਉਠਾਇਆ ਸੀ।
ਦੂਜੇ ਪਾਸੇ ਪ੍ਰਸਾਰ ਭਾਰਤੀ ਅਤੇ ਆਕਾਸ਼ਵਾਣੀ ਦੀ ਬਲੂਚੀ ਸੇਵਾ ਲਈ ਸ਼ੁੱਕਰਵਾਰ ਨੂੰ ਇੱਕ ਵੈਬਸਾਈਟ ਅਤੇ ਮੋਬਾਇਲ ਐਪ ਸ਼ੁਰੂ ਕੀਤਾ। ਇਸ ਸੰਬੋਧਨ ਰਾਹੀਂ ਦੁਨੀਆ ਭਰ ਵਿੱਚ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਤੱਕ ਪਹੁੰਚ ਬਣਾਈ ਜਾ ਸਕੇਗੀ। ਪਿਛਲੇ ਹਫ਼ਤੇ ਝੜਪਾਂ 'ਚ ਜ਼ਖ਼ਮੀ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ 8 ਜੁਲਾਈ ਤੋਂ ਕਸ਼ਮੀਰ ਵਾਦੀ ਵਿੱਚ ਸ਼ੁਰੂ ਹੋਈ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ। ਹਿੰਸਾ ਦੇ ਡਰ ਕਾਰਨ ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਮੁੜ ਤੋਂ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਖੁਰਰਮ ਪ੍ਰਵੇਜ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਲੋਕਾਂ ਦਾ ਗੁੱਸਾ ਮੁੜ ਭੜਕ ਪਿਆ। ਪ੍ਰਵੇਜ਼ ਪਿਛਲੇ 15 ਸਾਲਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜਾਈ ਲੜ ਰਹੇ ਹਨ। ਦੋ ਦਿਨ ਪਹਿਲਾਂ ਹੀ ਉਸ ਨੂੰ ਦਿੱਲੀ ਹਵਾਈ ਅੱਡੇ 'ਤੇ ਜਨੇਵਾ ਦੀ ਇੱਕ ਉਡਾਣ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।

813 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper