ਆਪ ਦੇ 27 ਵਿਧਾਇਕਾਂ ਦੀ ਮੈਂਬਰੀ ਖਤਰੇ 'ਚ, ਮਾਮਲਾ ਰਾਸ਼ਟਰਪਤੀ ਕੋਲ ਪਹੁੰਚਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਪ ਦੇ 27 ਹੋਰ ਵਿਧਾਇਕਾਂ ਦੀ ਮੈਂਬਰੀ ਖਤਰੇ 'ਚ ਪੈ ਗਈ ਹੈ। ਉਨ੍ਹਾ ਉੱਪਰ ਲਾਭ ਦੇ ਅਹੁਦੇ ਲੈਣ ਦਾ ਦੋਸ਼ ਹੈ। ਉਨ੍ਹਾਂ ਵਿਰੁੱਧ ਜੂਨ 'ਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ, ਚੋਣ ਕਮਿਸ਼ਨ ਨੇ ਇਹ ਮਾਮਲਾ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ। ਇਹ ਮਾਮਲਾ ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਏ ਜਾਣ ਤੋਂ ਵੱਖਰਾ ਹੈ। ਖਾਸ ਗੱਲ ਇਹ ਹੈ ਕਿ ਇਹਨਾਂ 27 ਵਿਧਾਇਕਾਂ 'ਚ 10 ਸੰਸਦੀ ਸਕੱਤਰ ਦੇ ਅਹੁਦਿਆਂ 'ਤੇ ਹਨ, ਜਿਨ੍ਹਾ ਦੀ ਸੁਣਵਾਈ ਚੋਣ ਕਮਿਸ਼ਨ 'ਚ ਪਹਿਲਾਂ ਤੋਂ ਹੀ ਹੋ ਰਹੀ ਹੈ। ਕਾਨੂੰਨ ਦੇ ਇੱਕ ਵਿਦਿਆਰਥੀ ਵਿਭੋਰ ਆਨੰਦ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਇਹ ਵਿਧਾਇਕ ਰੋਗੀ ਕਲਿਆਣ ਕਮੇਟੀਆਂ ਦੇ ਮੁਖੀ ਦੇ ਅਹੁਦਿਆਂ 'ਤੇ ਤਾਇਨਾਤ ਹਨ, ਕਿਉਂਕਿ ਇਹ ਲਾਭ ਦਾ ਅਹੁਦਾ ਹੈ, ਇਸ ਲਈ ਇਹਨਾ ਦੀ ਮੈਂਬਰੀ ਰੱਦ ਕੀਤੀ ਜਾਵੇ, ਨਾਲ ਹੀ ਕਿਹਾ ਗਿਆ ਹੈ ਕਿ ਵਿਧਾਇਕ ਇਹਨਾਂ ਕਮੇਟੀਆਂ 'ਚ ਮੈਂਬਰ ਦੇ ਤੌਰ 'ਤੇ ਸ਼ਾਮਲ ਹੋ ਸਕਦੇ ਹਨ, ਪਰ ਕਮੇਟੀਆਂ ਦੇ ਮੁਖੀ ਨਹੀਂ ਬਣ ਸਕਦੇ ਹਨ।