ਸਰਕਾਰਾਂ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ ਸਹਾਇਤਾ ਦਾ ਐਲਾਨ

ਨਵੀਂ ਦਿੱਲੀ/ਪਟਨਾ (ਨਵਾਂ ਜ਼ਮਾਨਾ ਸਰਵਿਸ)
ਉੜੀ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 18 ਜਵਾਨਾਂ ਦੇ ਪਰਵਾਰਾਂ 'ਚ ਭਾਰੀ ਗੁੱਸਾ ਹੈ। ਉਨ੍ਹਾਂ ਦੀਆਂ ਅੱਖਾਂ ਨਮ ਹਨ ਅਤੇ ਉਹ ਸੋਗ ਅਤੇ ਦੁੱਖ ਦੀ ਘੜੀ ਮੌਕੇ ਜਜ਼ਬਾਤੀ ਹਨ। ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਰਿਹਾ ਹੈ ਅਤੇ ਪਾਕਿਸਤਾਨ ਵਿਰੁੱਧ ਲੋਕਾਂ 'ਚ ਬਹੁਤ ਗੁੱਸਾ ਹੈ। ਸ਼ਹੀਦਾਂ ਦੇ ਘਰ ਵਾਲਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਵਾਰੀ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ ਹੈ।
ਯੂ ਪੀ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਨੂੰ 20-20 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਬਿਹਾਰ ਸਰਕਾਰ ਵੱਲੋਂ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਸ ਅੱਤਵਾਦੀ ਹਮਲੇ 'ਚ ਝਾਰਖੰਡ ਦੇ ਜਵਾਨ ਸ਼ਹੀਦ ਹੋਏ ਹਨ। ਸ਼ਹੀਦ ਜਵਾਨਾਂ 'ਚ ਇੱਕ ਜਾਵਰਾ ਮੁੰਡਾ ਖੁਣੀ ਜ਼ਿਲ੍ਹੇ ਦੇ ਮੇਰਾਜ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਜਵਾਨ ਗੁਮਲਾ ਜ਼ਿਲ੍ਹੇ ਦਾ ਨਯਮਨ ਕੁਮਾਰ ਹੈ। ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਦੋਹਾਂ ਜਵਾਨਾਂ ਦੇ ਪਿੰਡਾਂ 'ਚ ਮਾਤਮ ਦਾ ਮਾਹੌਲ ਛਾ ਗਿਆ।
ਬਿਹਾਰ ਸਰਕਾਰ ਨੇ ਸੂਬੇ ਦੇ ਤਿੰਨ ਸ਼ਹੀਦ ਹੋਏ ਤਿੰਨ ਜਵਾਨਾਂ ਦੇ ਵਾਰਸਾਂ ਨੂੰ 5-5 ਲੱਖ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਜਵਾਨਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉੜੀ 'ਚ ਫ਼ੌਜ ਦੇ ਕੈਂਪ 'ਤੇ ਐਤਵਾਰ ਸਵੇਰੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ 'ਚੋਂ 4 ਜਵਾਨ ਉੱਤਰ ਪ੍ਰਦੇਸ਼ ਦੇ ਸਨ। ਯੂ ਪੀ ਦੀ ਅਖਿਲੇਸ਼ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਪਰਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਹਮਲੇ 'ਚ ਸ਼ਹੀਦ ਹੋਇਆ ਜਵਾਨ ਗਣੇਸ਼ ਸ਼ੰਕਰ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਪੂਰਾ ਪਲੀ ਪਿੰਡ ਦਾ ਰਹਿਣ ਵਾਲਾ ਸੀ, ਜਦਕਿ ਲਾਂਸ ਨਾਇਕ ਆਰ ਕੇ ਯਾਦਵ ਬਲੀਆ ਜ਼ਿਲ੍ਹੇ ਦੇ ਨਿਵਾਸੀ ਸਨ। ਸ਼ਹੀਦ ਸਿਪਾਹੀ ਹਰਿੰਦਰ ਯਾਦਵ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦਕਿ ਸਿਪਾਹੀ ਰਾਜੇਸ਼ ਕੁਮਾਰ ਸਿੰਘ ਜੋਨਪੁਰ ਜ਼ਿਲ੍ਹੇ ਦੇ ਨਿਵਾਸੀ ਸਨ। ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬਾ ਸਰਕਾਰ ਵੱਲੋਂ ਸਾਰੇ ਸ਼ਹੀਦਾਂ ਦੇ ਪਰਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ।