ਰੂਸ 'ਚ ਫੇਰ ਨੰਬਰ ਇੱਕ ਬਣੀ ਪੁਤਿਨ ਦੀ ਪਾਰਟੀ

ਮਾਸਕੋ (ਨਵਾਂ ਜ਼ਮਾਨਾ ਸਰਵਿਸ)
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਯੂਨਾਈਟਿਡ ਰਸ਼ੀਆ ਪਾਰਟੀ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੇ ਸੋਮਵਾਰ ਨੂੰ ਹੋਈਆਂ ਸੰਸਦੀ ਚੋਣਾਂ 'ਚ ਲੱਗਭੱਗ ਜਿੱਤ ਹਾਸਲ ਕਰ ਲਈ ਹੈ। ਰੂਸ ਦੇ ਕੌਮੀ ਚੋਣ ਕਮਿਸ਼ਨ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਨੇ 51 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਇਹਨਾਂ ਨਤੀਜਿਆਂ ਨਾਲ ਪੁਤਿਨ ਦੀ ਪਾਰਟੀ ਨੂੰ ਸੰਸਦ ਦੇ ਹੇਠਲੇ ਸਦਨ 'ਚ ਬਹੁਮਤ ਮਿਲ ਜਾਵੇਗਾ। ਅੰਕੜਿਆਂ ਮੁਤਾਬਕ ਰਾਸ਼ਟਰਵਾਦੀ ਮੰਨੀ ਜਾਂਦੀ ਲਿਬਰਲ ਡੈਮ੍ਰੋਕਟਿਕ ਪਾਰਟੀ ਆਫ਼ ਰਸ਼ੀਆ 15.1 ਫ਼ੀਸਦੀ ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ ਹੈ। ਕਮਿਊਨਿਸਟ ਪਾਰਟੀ ਨੇ 14.9 ਫ਼ੀਸਦੀ ਵੋਟਾਂ ਨਾਲ ਤੀਜੇ ਨੰਬਰ ਅਤੇ ਰਸ਼ੀਆ ਪਾਰਟੀ 6.4 ਫ਼ੀਸਦੀ ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ ਹੈ। ਵਿਰੋਧੀ ਧਿਰਾਂ ਦੇ ਹੱਥ ਵੀ ਕੁਝ ਸੀਟਾਂ ਲੱਗ ਸਕਦੀਆਂ ਹਨ।
ਦੂਜੇ ਪਾਸੇ ਘੱਟ ਹੋਈ ਪੋਲਿੰਗ ਤੋਂ ਪਤਾ ਲੱਗਦਾ ਹੈ ਕਿ ਅਗਲੇ ਰਾਸ਼ਟਰਪਤੀ ਦੀ ਚੋਣ ਤੋਂ 18 ਮਹੀਨੇ ਪਹਿਲਾਂ ਸੱਤਾਧਾਰੀ ਪਾਰਟੀ ਪ੍ਰਤੀ ਲੋਕਾਂ ਦੇ ਉਤਸ਼ਾਹ 'ਚ ਕਮੀ ਆਈ ਹੈ। ਇਸ ਨੂੰ ਸਥਾਪਤੀ ਵਿਰੋਧੀ ਲਹਿਰ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਦਰਮਿਆਨ ਪੁਤਿਨ ਦੀ ਪਾਰਟੀ ਦੇ ਚੋਣ ਪ੍ਰਚਾਰ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਯੂਕਰੇਨ ਅਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਖ਼ਰਾਬ ਹੋਈ ਅਰਥ ਵਿਵਸਥਾ ਦੇ ਬਾਵਜੂਦ ਵੋਟਰਾਂ 'ਚ ਲੀਡਰਸ਼ਿਪ ਪ੍ਰਤੀ ਭਰੋਸਾ ਹੈ।
ਪੁਤਿਨ ਨੇ ਹੀ ਯੂਨਾਈਟਿਡ ਰਸ਼ੀਆ ਪਾਰਟੀ ਦੀ ਸਥਾਪਨਾ ਕੀਤੀ ਸੀ। ਉਨ੍ਹਾ ਦੀਆਂ ਸਹਿਯੋਗੀ ਪਾਰਟੀਆਂ ਇਹਨਾਂ ਨਤੀਜਿਆ ਨੂੰ 2018 ਦੀਆਂ ਚੋਣਾਂ 'ਚ ਚੋਣ ਪ੍ਰਚਾਰ ਲਈ ਵਰਤਣਗੇ। ਪੁਤਿਨ ਨੇ ਹਾਲੇ ਤੱਕ ਇਹ ਗੱਲ ਨਹੀਂ ਆਖੀ ਹੈ ਕਿ ਦੂਜੇ ਕਾਰਜਕਾਲ ਲਈ ਚੋਣਾਂ ਲੜਣਗੇ। ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨਾਲ ਪਾਰਟੀ ਹੈਡਕਵਾਟਰ ਵਿਖੇ ਪਹੁੰਚੇ ਪੁਤਿਨ ਨੇ ਕਿਹਾ ਹੈ ਕਿ ਉਹ ਨਿਸ਼ਚਿਤ ਤੌਰ 'ਤੇ ਕਹਿ ਸਕਦੇ ਹਨ ਕਿ ਪਾਣੀ ਨੇ ਚੰਗੇ ਚੋਣ ਨਤੀਜੇ ਹਾਸਲ ਕੀਤੇ ਹਨ ਅਤੇ ਜਿੱਤ ਹਾਸਲ ਕੀਤੀ ਹੈ। ਰੂਸ ਦੇ ਕ੍ਰੀਮੀਆ 'ਚ ਪਹਿਲੀ ਵਾਰੀ ਸੰਸਦੀ ਚੋਣਾਂ ਕਰਵਾਈਆਂ ਗਈਆਂ। ਸਾਲ 2014 'ਚ ਕ੍ਰੀਮੀਆ ਨੂੰ ਯੂਕਰੇਨ ਤੋਂ ਵੱਖ ਕਰਕੇ ਰੂਸ ਨੇ ਆਪਣੇ ਨਾਲ ਮਿਲ ਲਿਆ ਸੀ।