ਪਾਕਿ ਵਿਰੁੱਧ ਕੂਟਨੀਤਕ ਜੰਗ ਛੇੜੇਗਾ ਭਾਰਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੜੀ 'ਚ ਫ਼ੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ 18 ਜਵਾਨਾਂ ਦੀ ਜਾਨ ਗੁਆਉਣ ਮਗਰੋਂ ਭਾਰਤ ਨੇ ਪਾਕਿਸਤਾਨ ਨੂੰ ਦੁਨੀਆ 'ਚ ਅਲੱਗ-ਥਲੱਗ ਕਰਨ ਅਤੇ ਉਸ ਨੂੰ ਅੱਤਵਾਦੀ ਦੇਸ਼ ਐਲਾਨਣ ਦੀ ਰਣਨੀਤੀ ਬਣਾਈ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਚ ਹੋਈ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ।
ਸੂਤਰਾਂ ਅਨੁਸਾਰ ਮੀਟਿੰਗ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਕੂਟਨੀਤਕ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਉੱਚ ਪੱਧਰੀ ਮੀਟਿੰਗ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰਿੱਕਰ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ, ਫ਼ੌਜ ਮੁਖੀ ਦਲਬੀਰ ਸਿੰਘ ਸੁਹਾਗ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ। ਮੀਟਿੰਗ 'ਚ ਸਾਰੇ ਮੰਤਰੀਆਂ, ਕੌਮੀ ਸੁਰੱਖਿਆ ਸਲਾਹਕਾਰ ਅਤੇ ਫ਼ੌਜ ਮੁਖੀ ਨੇ ਕਿਹਾ ਕਿ ਇਸ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਹਨ। ਸੂਤਰਾਂ ਅਨੁਸਾਰ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸੰਘ 'ਚ ਇਹ ਮੁਦਾ ਉਠਾ ਕੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਦੀ ਮੰਗ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਸੰਮੇਲਨ ਨੂੰ ਸੰਬੋਧਨ ਕਰਨਾ ਹੈ। ਉਨ੍ਹਾ ਵੱਲੋਂ ਸੰਯੁਕਤ ਰਾਸ਼ਟਰ ਨੂੰ ਦਸਿਆ ਜਾਵੇਗਾ ਕਿ ਹਮਲੇ 'ਚ ਪਾਕਿਸਤਾਨੀ ਹੱਥ ਹੋਣ ਦੇ ਸਬੂਤ ਮਿਲੇ ਹਨ। ਅੱਤਵਾਦੀਆਂ ਤੋਂ ਬਰਾਮਦ ਪਾਕਿਸਤਾਨੀ ਹਥਿਆਰ, ਜੀ ਪੀ ਐਸ ਡੈਟਾ ਅਤੇ ਪਸ਼ਤੋ ਭਾਸ਼ਾ 'ਚ ਨੋਟਿਸ ਸਾਬਤ ਕਰਦੇ ਹਨ ਕਿ ਦਹਿਸ਼ਤਗਰਦ ਸਰਹੱਦ ਪਾਰੋਂ ਆਏ ਸਨ। ਸੂਤਰਾਂ ਅਨੁਸਾਰ ਭਾਰਤ ਵੱਲੋਂ ਕੌਮਾਂਤਰੀ ਪੱਧਰ 'ਤੇ ਇਹ ਸਬੂਤ ਪੇਸ਼ ਕੀਤੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਮੀਟਿੰਗ 'ਚ ਪਾਕਿਸਤਾਨੀ ਸਰਹੱਦ 'ਚ ਦਾਖ਼ਲ ਹੋ ਕੇ ਹਮਲਿਆਂ ਦੀ ਰਣਨੀਤੀ 'ਤੇ ਵਿਚਾਰ ਨਹੀਂ ਕੀਤਾ ਗਿਆ, ਪਰ ਸਰਹੱਦ ਪਾਰੋਂ ਘੁਸਪੈਠ ਦੀ ਕੋਸ਼ਿਸ਼ ਰੋਕਣ ਲਈ ਫ਼ੌਜ ਵੱਲੋਂ ਵੱਡੇ ਪੱਧਰ 'ਤੇ ਉਪਰੇਸ਼ਨ ਚਲਾਇਆ ਜਾ ਸਕਦਾ ਹੈ ਅਤੇ ਘੁਸਪੈਠ ਕਰਕੇ ਭਾਰਤ 'ਚ ਦਾਖ਼ਲ ਹੋ ਚੁੱਕੇ ਅੱਤਵਾਦੀਆਂ ਦੇ ਸਫ਼ਾਏ ਲਈ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ।
ਸੂਤਰਾਂ ਅਨੁਸਾਰ ਇਸ ਹਮਲੇ ਮਗਰੋਂ 9 ਅਤੇ 10 ਨਵੰਬਰ ਨੂੰ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸਿਖ਼ਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਬਾਰੇ ਵੀ ਸ਼ੰਕੇ ਖੜੇ ਹੋ ਗਏ ਹਨ।
ਇਸੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਉੜੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਉਨ੍ਹਾ ਕਿਹਾ ਕਿ ਪਾਕਿਸਤਾਨ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ, ਅਸੀਂ ਸੋਚ ਸਮਝ ਕੇ ਫ਼ੈਸਲਾ ਕਰਾਂਗੇ।
ਉਧਰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਚ ਅੱਤਵਾਦੀ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ, ਜਿਸ ਮਗਰੋਂ ਮਾਮਲੇ ਦੀ ਜਾਂਚ ਲਈ ਐਨ ਆਈ ਏ ਦੇ ਅਧਿਕਾਰੀ ਉੜੀ ਪਹੁੰਚ ਗਏ।
ਇਸੇ ਦੌਰਾਨ ਸੂਤਰਾਂ ਨੇ ਖੁਲਾਸਾ ਕੀਤਾ ਕਿ ਭਾਰਤ ਵੱਲੋਂ ਹਮਲੇ ਦੇ ਵਿਰੋਧ 'ਚ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਸਿਖਲਾਈ ਕੈਂਪਾਂ 'ਤੇ ਹਮਲੇ ਕੀਤੇ ਜਾ ਸਕਦੇ ਹਨ ਅਤੇ ਭਾਰਤ ਪਾਕਿਸਤਾਨ ਨਾਲ ਆਰਥਿਕ ਤੇ ਕੂਟਨੀਤਕ ਸੰਬੰਧਾਂ ਨੂੰ ਤੋੜਣ ਬਾਰੇ ਫ਼ੈਸਲਾ ਲੈ ਸਕਦਾ ਹੈ ਅਤੇ ਭਵਿੱਖ 'ਚ ਅਜਿਹੀਆਂ ਕਾਰਵਾਈਆਂ ਦੀ ਸੂਰਤ 'ਚ ਭਾਰਤ ਵੱਲੋਂ ਹਥਿਆਰਾਂ ਨਾਲ ਜੁਆਬ ਦੇਣ ਦੀ ਰਣਨੀਤੀ ਅਪਣਾਈ ਜਾ ਸਕਦੀ ਹੈ।
ਕਸ਼ਮੀਰ 'ਚ ਉੜੀ ਵਿਖੇ ਫ਼ੌਜ ਦੇ ਕੈਂਪ 'ਤੇ ਅੱਤਵਾਦੀ ਹਮਲੇ ਮਗਰੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੱਕ ਉੱਚ ਪੱਧਰੀ ਮੀਟਿੰਗ 'ਚ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰਾਲੇ 'ਚ ਹੋਈ ਉੱਚ ਪੱਧਰੀ ਮੀਟਿੰਗ ਮਗਰੋਂ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰਿੱਕਰ ਅਤੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾ ਦੀ ਰਿਹਾਇਸ਼ ਵਿਖੇ ਮੁਲਾਕਾਤ ਕਰਕੇ ਸਰਹੱਦੀ ਇਲਾਕਿਆਂ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਮੀਟਿੰਗ 'ਚ ਕਿਹਾ ਕਿ ਹਮਲੇ ਮਗਰੋਂ ਕੋਈ ਵੱਡਾ ਅਤੇ ਅਹਿਮ ਫ਼ੈਸਲਾ ਲਿਆ ਜਾਵੇਗਾ, ਪਰ ਕੋਈ ਵੀ ਫ਼ੈਸਲਾ ਭਾਵੁਕਤਾ 'ਚ ਨਹੀਂ ਲਿਆ ਜਾਵੇਗਾ।
ਇਸੇ ਦੌਰਾਨ ਸੂਤਰਾਂ ਨੇ ਖੁਲਾਸਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਪਨਾਈ ਜਾਣ ਵਾਲੀ ਰਣਨੀਤੀ 'ਤੇ ਵਿਚਾਰ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਉੱਚ ਪੱਧਰੀ ਮੀਟਿੰਗ 'ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਰੱਖਿਆ, ਫ਼ੌਜ ਅਤੇ ਨੀਮ ਫ਼ੌਜੀ ਦਸਤਿਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਮੀਟਿੰਗ 'ਚ ਪੰਜਾਬ ਅਤੇ ਗੁਜਰਾਤ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਅਤੇ ਸਰਹੱਦ ਦੀ ਸੁਰੱਖਿਆ ਬਾਰੇ ਆਪਣਾ ਪੱਖ ਗ੍ਰਹਿ ਮੰਤਰੀ ਸਾਹਮਣੇ ਰੱਖਿਆ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਂਰਿਸ਼ੀ ਨੇ ਮੀਟਿੰਗ 'ਚ ਸ਼ਾਮਲ ਹੋਣ ਲਈ ਆਪਣਾ ਸ੍ਰੀਨਗਰ ਦੌਰਾ ਰੱਦ ਕਰ ਦਿੱਤਾ। ਉੱਚ ਪੱਧਰੀ ਸੂਤਰਾਂ ਅਨੁਸਾਰ ਇਸ ਮੀਟਿੰਗ 'ਚ ਅੱਤਵਾਦੀ ਹਮਲਿਆਂ ਤੋਂ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਅਪਣਾਈ ਜਾਣ ਵਾਲੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦੀ ਹਮਲੇ ਦੀ ਤਿੱਖੀ ਆਲੋਚਨਾ ਕੀਤੀ ਹੈ, ਜਦਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੜੀ 'ਚ ਅੱਤਵਾਦੀ ਹਮਲੇ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।