ਮਸੂਦ ਨੂੰ ਰਿਹਾਅ ਕਰਕੇ ਵਾਜਪਾਈ ਸਰਕਾਰ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ : ਦਿਗਵਿਜੈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੜੀ ਹਮਲੇ ਪਿੱਛੇ ਮਸੂਦ ਅਜ਼ਹਰ ਦੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਹੱਥ ਹੋਣ ਦੀਆਂ ਰਿਪੋਰਟਾਂ ਮਗਰੋਂ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਵਾਜਪਾਈ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਿਆਂ ਦੋਸ਼ ਲਾਇਆ ਕਿ 1999 'ਚ ਭਾਰਤੀ ਜਹਾਜ਼ ਦੇ ਅਗਵਾ ਮਗਰੋਂ ਅੱਤਵਾਦੀ ਮਸੂਦ ਅਜ਼ਹਰ ਨੂੰ ਰਿਹਾਅ ਕਰਕੇ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਸੀ।
ਹਮਲੇ ਦੇ ਮੱਦੇਨਜ਼ਰ ਇੱਕ ਟਵੀਟ 'ਚ ਦਿਗਵਿਜੈ ਸਿੰਘ ਨੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਲਈ ਉਸ 'ਤੇ ਕੌਮਾਂਤਰੀ ਦਬਾਅ ਬਣਾਉਣ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਕੰਟਰੋਲ ਰੇਖਾ ਨੇੜੇ ਸਥਿਤ ਫ਼ੌਜ ਦੇ ਕੈਂਪਾਂ ਦੀ ਸੁਰੱਖਿਆ 'ਚ ਨਾਕਾਮੀ ਦੀ ਪੜਤਾਲ ਕਰਨ 'ਤੇ ਵੀ ਜ਼ੋਰ ਦਿੱਤਾ।
ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਭਾਰਤੀ ਜਹਾਜ਼ ਅਗਵਾ ਮਾਮਲੇ 'ਚ ਅਸੀਂ ਮਸੂਦ ਅਜ਼ਹਰ ਨੂੰ ਰਿਹਾਅ ਕਰਕੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ। ਉਨ੍ਹਾ ਕਿਹਾ ਕਿ ਹਮਲੇ ਪਿੱਛੇ ਮਸੂਦ ਅਜ਼ਹਰ ਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਹੱਥ ਹੈ ਅਤੇ ਬਿਨਾਂ ਸ਼ੱਕ ਇਸ 'ਚ ਪਾਕਿਸਤਾਨ ਦੀ ਵੀ ਮਿਲੀਭੁਗਤ ਹੈ। ਉੜੀ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਦਿਗਵਿਜੈ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਲਈ ਭਾਰਤ ਨੂੰ ਯਕੀਨਨ ਕੌਮਾਂਤਰੀ ਪੱਧਰ 'ਤੇ ਦਬਾਅ ਪਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ 24 ਦਸੰਬਰ 1999 ਨੂੰ ਨੇਪਾਲ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਅਗਵਾ ਕਰ ਲਿਆ ਸੀ, ਜਿਸ 'ਚ 176 ਮੁਸਾਫ਼ਰ ਸਵਾਰ ਸਨ। ਵਾਜਪਾਈ ਸਰਕਾਰ ਨੇ ਮੁਸਾਫ਼ਰਾਂ ਅਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਅਤ ਰਿਹਾਈ ਬਦਲੇ ਮਸੂਦ ਅਜ਼ਹਰ ਸਮੇਤ ਤਿੰਨ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਸੀ।