ਮਿਨੇਸੋਟਾ ਹਮਲਾ; ਆਈ ਐੱਸ ਆਈ ਐੱਸ ਨੇ ਲਈ ਜ਼ਿੰਮੇਵਾਰੀ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)-ਮਿਨੇਸੋਟਾ ਦੇ ਸੰਤ ਕਲਾਉਡ ਸਥਿਤ ਸੈਂਟਰ ਮਾਲ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਆਈ ਐਸ ਆਈ ਐਸ ਨੇ ਲਈ ਹੈ। ਸ਼ਨੀਵਾਰ ਨੂੰ ਇਸ ਸ਼ਾਪਿੰਗ ਮਾਲ 'ਚ ਨਿੱਜੀ ਸੁਰੱਖਿਆ ਗਾਰਡ ਦੀ ਵਰਦੀ ਵਾਲੇ ਇੱਕ ਸ਼ੱਕੀ ਹਮਲਾਵਰ ਨੇ ਚਾਕੂ ਨਾਲ 9 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਪੁਲਸ ਦੀ ਕਾਰਵਾਈ 'ਚ ਹਮਲਾਵਰ ਵੀ ਮਾਰਿਆ ਗਿਆ ਸੀ। ਆਈ ਐਸ ਨਾਲ ਸੰਬੰਧਤ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਆਈ ਐਸ ਦਾ ਲੜਾਕਾ ਸੀ।
ਸ਼ਹਿਰ ਦੇ ਪੁਲਸ ਮੁਖੀ ਵਿਲੀਅਮ ਬਲੇਅਰ ਐਂਡਰਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਮਲੇ ਵੇਲੇ ਚਾਕੂ ਨਾਲ ਲੈਸ ਹਮਲਾਵਰ ਅੱਲਾਹ ਦਾ ਨਾਂਅ ਪੁਕਾਰ ਰਿਹਾ ਸੀ ਅਤੇ ਉਸ ਨੇ ਇੱਕ ਵਿਅਕਤੀ ਤੋਂ ਪੁੱਛਿਆ ਸੀ ਕਿ ਕੀ ਉਹ ਮੁਸਲਿਮ ਹੈ। ਉਨ੍ਹਾ ਕਿਹਾ ਕਿ ਇੱਕ ਆਫ਼ ਡਿਊਟੀ ਪੁਲਸ ਅਧਿਕਾਰੀ ਦੀ ਕਾਰਵਾਈ 'ਚ ਹਮਲਾਵਰ ਮਾਰਿਆ ਗਿਆ। ਮਾਮਲੇ ਦੀ ਜਾਂਚ ਕਰ ਰਹੀ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਰਿਚਰਡ ਥਾਰਟਨ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਸੀ। ਉਨ੍ਹਾ ਕਿਹਾ ਕਿ ਅਜੇ ਜਾਂਚ ਸ਼ੁਰੂਆਤੀ ਦੌਰ 'ਚ ਹੈ, ਇਸ ਲਈ ਜ਼ਿਆਦਾ ਕੁਝ ਕਹਿ ਸਕਣਾ ਸੰਭਵ ਨਹੀਂ ਹੈ। ਉਧਰ ਆਈ ਐਸ ਆਈ ਐਸ ਦੀ ਨਿਊਜ਼ ਏਜੰਸੀ ਨੇ ਕੱਲ੍ਹ ਜਾਰੀ ਇੱਕ ਬਿਆਨ 'ਚ ਕਿਹਾ ਕਿ ਮਿਨੇਸੋਟਾ 'ਚ ਚਾਕੂ ਨਾਲ ਹਮਲਾ ਕਰਨ ਵਾਲਾ ਵਿਅਕਤੀ ਜਥੇਬੰਦੀ ਦਾ ਲੜਾਕਾ ਸੀ ਅਤੇ ਉਸ ਨੇ ਗੱਠਜੋੜ ਫ਼ੌਜ ਵੱਲੋਂ ਆਈ ਐਸ ਵਿਰੁੱਧ ਮੁਹਿੰਮ ਦੇ ਵਿਰੋਧ 'ਚ ਇਹ ਕਾਰਾ ਕੀਤਾ।
ਇਸੇ ਦੌਰਾਨ ਸੰਘੀ ਜਾਂਚ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਕੱਲ੍ਹ ਨਿਊਯਾਰਕ 'ਚ ਹੋਏ ਧਮਾਕੇ ਦੇ ਸੰਬੰਧ 'ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਿਲੇਰੀ ਕਲਿੰਟਨ ਨੇ ਮਿਨੇਸੋਟਾ, ਨਿਊਯਾਰਕ ਅਤੇ ਨਿਊਜਰਸੀ 'ਚ ਹੋਏ ਅੱਤਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਹੈ।