ਸ਼ਿਵਪਾਲ ਯਾਦਵ ਨੇ ਅਖਿਲੇਸ਼ ਦੇ ਕਰੀਬੀ 7 ਆਗੂ ਕੀਤੇ ਪਾਰਟੀ ਤੋਂ ਬਾਹਰ

ਲਖਨਊ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਵਿਚਕਾਰ ਸਿਆਸੀ ਜੰਗ ਜਾਰੀ ਹੈ। ਅਹੁਦਾ ਸੰਭਾਲਦਿਆਂ ਹੀ ਸ਼ਿਵਪਾਲ ਯਾਦਵ ਨੇ ਰਾਮਗੋਪਾਲ ਯਾਦਵ ਦੇ ਭਾਣਜੇ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ ਅਤੇ ਅੱਜ ਇੱਕ ਵੱਡੀ ਕਾਰਵਾਈ 'ਚ ਅਖਿਲੇਸ਼ ਦੇ ਕਈ ਕਰੀਬੀ ਪਾਰਟੀ 'ਚੋਂ ਕੱਢ ਦਿੱਤੇ।
ਸ਼ਿਵਪਾਲ ਨੇ ਤਿੰਨ ਵਿਧਾਨ ਪ੍ਰੀਸ਼ਦ ਮੈਂਬਰਾਂ ਤਿੰਨ ਨੌਜੁਆਨ ਸੰਗਠਨਾਂ ਦੇ ਸੂਬਾ ਪ੍ਰਧਾਨਾਂ ਸਮੇਤ 7 ਆਗੂਆਂ ਨੂੰ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਵਿਰੁੱਧ ਅਪਮਾਨਜਨਕ ਟਿਪਣੀ ਦੇ ਦੋਸ਼ ਲਾ ਕੇ ਪਾਰਟੀ 'ਚੋਂ ਕੱਢ ਦਿੱਤਾ। ਉਨ੍ਹਾਂ ਵਿਧਾਨ ਪ੍ਰੀਸ਼ਦ ਮੈਂਬਰਾਂ ਸੁਨੀਲ ਸਿੰਘ ਯਾਦਵ, ਆਨੰਦ ਭਦੌਰੀਆ, ਸੰਜੇ, ਮੁਲਾਇਮ ਸਿੰਘ ਯੂਥ ਬ੍ਰਿਗੇਡ ਦੇ ਕੌਮੀ ਪ੍ਰਧਾਨ ਗੌਰਵ ਦਬਜੇ ਅਤੇ ਸੂਬਾ ਪ੍ਰਧਾਨ ਮੁਹੰਮਦ ਐਬਾਦ, ਯੁਵਜਨ ਸਭਾ ਦੇ ਸੂਬਾ ਪ੍ਰਧਾਨ ਬ੍ਰਜੇਸ਼ ਯਾਦਵ, ਸਮਾਜਵਾਦੀ ਵਿਦਿਆਰਥੀ ਸਭਾ ਦੇ ਸੂਬਾ ਪ੍ਰਧਾਨ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਉਨ੍ਹਾ ਕਿਹਾ ਕਿ ਸਾਰਿਆਂ ਨੂੰ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਵਿਰੁੱਧ ਅਪਮਾਨਜਨਕ ਟਿਪਣੀਆਂ ਕਰਨ, ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸਨਹੀਨਤਾ ਦੇ ਦੋਸ਼ 'ਚ ਪਾਰਟੀ 'ਚੋਂ ਬਾਹਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਆਗੂ ਅਖਿਲੇਸ਼ ਦੇ ਕਰੀਬੀ ਮੰਨੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਅਖਿਲੇਸ਼ ਦੀ ਥਾਂ ਸ਼ਿਵਪਾਲ ਨੂੰ ਸੂਬਾ ਪ੍ਰਧਾਨ ਬਣਾਏ ਜਾਣ 'ਤੇ ਉਕਤ ਆਗੂਆਂ ਨੇ ਪਾਰਟੀ ਮੁਖੀ ਮੁਲਾਇਮ ਸਿੰਘ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਅਤੇ ਕਿਹਾ ਕਿ ਉਹ ਅਖਿਲੇਸ਼ ਤੋਂ ਬਿਨਾਂ ਕਿਸੇ ਹੋਰ ਦੀ ਅਗਵਾਈ 'ਚ ਕੰਮ ਨਹੀਂ ਕਰ ਸਕਦੇ। ਅੱਜ ਸ਼ਿਵਪਾਲ ਯਾਦਵ ਨੇ ਕਿਹਾ ਕਿ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮਗਰੋਂ ਪਾਰਟੀ 'ਚੋਂ ਕੱਢੇ ਗਏ ਆਗੂਆਂ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ।