ਐੱਲ ਜੀ ਨੂੰ ਮਿਲਣ ਪਹੁੰਚੇ ਸਿਸੋਦੀਆ 'ਤੇ ਸਿਆਹੀ ਸੁੱਟੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਪਰ ਐੱਲ ਜੀ ਦਫ਼ਤਰ ਦੇ ਬਾਹਰ ਸਿਆਹੀ ਸੁੱਟੀ ਗਈ। ਫਿਨਲੈਂਡ ਦਾ ਦੌਰਾ ਵਿਚੇ ਛੱਡ ਕੇ ਦਿੱਲੀ ਪਰਤੇ ਸਿਸੋਦੀਆ ਸੂਬੇ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਵੱਧ ਰਹੇ ਮਾਮਲਿਆਂ ਬਾਰੇ ਉਪ ਰਾਜਪਾਲ ਨੂੰ ਮਿਲਣ ਲਈ ਪਹੁੰਚੇ ਸਨ। ਪੁਲਸ ਨੇ ਸਿਆਹੀ ਸੁੱਟਣ ਵਾਲੇ ਦੋਸ਼ੀ ਨੂੰ ਮੌਕੇ 'ਤੇ ਹੀ ਦਬੋਚ ਲਿਆ। ਐਲ ਜੀ ਹਾਊਸ ਦੇ ਬਾਹਰ ਜਦੋਂ ਸਿਸੋਦੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਨਰਾਜ਼ਗੀ ਜ਼ਾਹਰ ਕਰਦਿਆਂ ਬ੍ਰਿਜੇਸ਼ ਸ਼ੁਕਲਾ ਨਾਂਅ ਦੇ ਇੱਕ ਸ਼ਖ਼ਸ ਨੇ ਅਚਾਨਕ ਉਨ੍ਹਾ ਉਪਰ ਸਿਆਹੀ ਸੁੱਟ ਦਿੱਤੀ। ਇਸ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਜਾਂ ਕੰਮ ਨਹੀਂ ਹੈ ਅਤੇ ਉਹ ਕੇਵਲ ਸਿਆਹੀ ਹੀ ਸੁੱਟਣਾ ਜਾਣਦੇ ਹਨ। ਸਿਸੋਦੀਆ ਨੇ ਕਿਹਾ ਕਿ ਸਿਹਤ ਤੇ ਸਿੱਖਿਆ 'ਚ ਸੁਧਾਰ ਕਰੇਗੀ। ਚਿਕਨਗੁਨੀਆ ਨਾਲ ਦਿੱਲੀ 'ਚ 15 ਮੌਤਾਂ ਹੋ ਚੁੱਕੀਆਂ ਹਨ। ਸਿਸੋਦੀਆ ਸਿੱਖਿਆ ਟੂਰ 'ਤੇ ਫਿਨਲੈਂਡ ਦੇ ਦੌਰੇ 'ਤੇ ਗਏ ਹੋਏ ਸਨ। ਸਿਆਹੀ ਸੁੱਟਣ ਵਾਲੇ ਸ਼ੁਕਲਾ ਨੇ ਕਿਹਾ ਕਿ ਇਹ ਲੋਕ ਜਨਤਾ ਦੇ ਪੈਸੇ ਨਾਲ ਵਿਦੇਸ਼ ਜਾਂਦੇ ਹਨ ਅਤੇ ਦਿੱਲੀ ਦੇ ਲੋਕ ਬਿਮਾਰੀਆਂ ਤੋਂ ਪੀੜਤ ਹਨ।