ਉੜੀ ਹਮਲਾ; ਅਮਰੀਕਾ 'ਚ ਹੋਵੇਗੀ ਜੀ ਪੀ ਐੱਸ ਸੈੱਟ ਦੀ ਜਾਂਚ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
18 ਸਤੰਬਰ ਨੂੰ ਜੰਮੂ-ਕਸ਼ਮੀਰ 'ਚ ਉੜੀ ਵਿਖੇ ਫ਼ੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ 18 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਸਰਕਾਰ ਵੱਲੋਂ ਸੁਰੱਖਿਆ ਬਾਰੇ ਹੰਗਾਮੀ ਮੀਟਿੰਗਾਂ ਦਾ ਦੌਰ ਜਾਰੀ ਹੈ।
ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਾਲਾਤ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਕੀਤੀ, ਜਿਸ 'ਚ ਕਈ ਸੀਨੀਅਰ ਅਧਿਕਾਰੀਆਂ ਸਮੇਤ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ।
ਇਸੇ ਦੌਰਾਨ ਉੜੀ ਹਮਲੇ ਦੀ ਜਾਂਚ ਲਈ ਐਨ ਆਈ ਏ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਕਈ ਸੈਂਪਲ ਲਏ, ਜਿਨ੍ਹਾ 'ਚ ਅੱਤਵਾਦੀਆਂ ਦੇ ਖ਼ੂਨ ਦੇ ਨਮੂਨੇ ਵੀ ਸ਼ਾਮਲ ਹਨ। ਐਨ ਆਈ ਏ ਨੇ ਹਮਲੇ ਦੇ ਸੰਬੰਧ 'ਚ ਕੇਸ ਵੀ ਦਰਜ ਕਰ ਲਿਆ ਹੈ। ਜਾਂਚ ਦੌਰਾਨ ਮਿਲੀਆਂ ਚੀਜ਼ਾਂ 'ਚ ਸ਼ਾਮਲ ਅੱਤਵਾਦੀਆਂ ਦੇ ਜੀ ਪੀ ਐੱਸ ਸੈੱਟ ਅਤੇ ਨੇਵੀਗੇਸ਼ਨਲ ਮੈਪ ਨੂੰ ਐਨ ਆਈ ਏ ਹਵਾਲੇ ਕਰਨ ਦੀ ਹਦਾਇਤ ਦਿੱਤੀ ਗਈ ਹੈ। ਐਨ ਆਈ ਏ ਨੇ ਜੀ ਪੀ ਐਸ ਸੈਟ ਜਾਂਚ ਲਈ ਅਮਰੀਕਾ ਭੇਜਣ ਦਾ ਫ਼ੈਸਲਾ ਕੀਤਾ ਹੈ। ਸੈਟ ਦੀ ਫਾਰੈਂਸਿਕ ਜਾਂਚ ਮਗਰੋਂ ਪਤਾ ਚੱਲ ਸਕੇਗਾ ਕਿ ਅੱਤਵਾਦੀ ਕਦੋਂ ਅਤੇ ਕਿਸ ਰੂਟ ਰਾਹੀਂ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਸਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀਆਂ ਨੇ ਇਸ ਮਸਲੇ 'ਤੇ ਫ਼ੌਜ ਅਤੇ ਖੂਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ 'ਚ ਮੋਦੀ ਤੋਂ ਸੁੱਟ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰਿੱਕਰ, ਵਿੱਤ ਮੰਤਰੀ ਅਰੁਣ ਜੇਤਲੀ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਫ਼ੌਜ ਮੁਖੀ ਦਲਬੀਰ ਸਿੰਘ ਸੁਹਾਗ ਨੇ ਹਿੱਸਾ ਲਿਆ। ਪਤਾ ਚੱਲਿਆ ਹੈ ਕਿ ਮੀਟਿੰਗ 'ਚ ਹਾਜ਼ਰ ਫ਼ੌਜੀ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਫ਼ੌਜੀ ਕਾਰਵਾਈ 'ਚ ਜਲਦਬਾਜ਼ੀ ਨਾ ਕਰੇ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ 'ਚ ਦਸਿਆ ਕਿ ਪਾਕਿਸਤਾਨ ਨੇ ਸਰਹੱਦ 'ਤੇ ਫ਼ੌਜ ਦੀ ਤਾਇਨਾਤੀ ਵਧਾ ਦਿੱਤੀ ਹੈ।
ਮੀਟਿੰਗ 'ਚ ਅੱਤਵਾਦ ਦੇ ਮੁਕਾਬਲੇ ਲਈ ਅਪਣਾਈ ਜਾਣ ਵਾਲੀ ਰਣਨੀਤੀ 'ਤੇ ਵੀ ਵਿਚਾਰ ਕੀਤਾ। ਪਤਾ ਚੱਲਿਆ ਹੈ ਕਿ ਐਤਵਾਰ ਨੂੰ ਫ਼ੌਜ ਮੁਖੀ ਦਲਬੀਰ ਸਿੰਘ ਸੁਹਾਗ ਨੇ ਸਰਹੱਦ 'ਤੇ ਤਾਇਨਾਤ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।
ਫ਼ੌਜ ਮੁਖੀ ਨੇ ਮੀਟਿੰਗ 'ਚ ਕਿਹਾ ਕਿ ਪਾਕਿਸਤਾਨ ਨੇ ਸਰਹੱਦ 'ਤੇ ਤਾਇਨਾਤੀ ਵਧਾ ਦਿੱਤੀ ਹੈ, ਅਜਿਹੀ ਹਾਲਤ 'ਚ ਜਲਦਬਾਜ਼ੀ 'ਚ ਕਾਰਵਾਈ ਕਰਨਾ ਜੋਖ਼ਮ ਭਰਿਆ ਫ਼ੈਸਲਾ ਹੋ ਸਕਦਾ ਹੈ। ਇਸ ਮੀਟਿੰਗ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲ ਕੇ ਹਾਲਾਤ ਦੀ ਜਾਣਕਾਰੀ ਦਿੱਤੀ।
ਉਧਰ ਪਾਕਿਸਤਾਨ 'ਚ ਵੀ ਇਸ ਹਮਲੇ ਮਗਰੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਕਿਸਤਾਨੀ ਫ਼ੌਜ ਦੇ ਮੁਖੀ ਰਹੀਲ ਸ਼ਰੀਫ਼ ਨੇ ਵੀ ਸੋਮਵਾਰ ਨੂੰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਉਨ੍ਹਾ ਕਿਹਾ ਕਿ ਪਾਕਿਸਤਾਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਅੱਜ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਗਿਲਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕਰਕੇ ਉੜੀ ਹਮਲੇ ਦੀ ਨਿਖੇਧੀ ਕੀਤੀ ਅਤੇ ਅੱਤਵਾਦ ਵਿਰੁੱਧ ਲੜਾਈ 'ਚ ਭਾਰਤ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਮੋਦੀ ਨੇ ਹਮਾਇਤ ਲਈ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।