ਖੇਤ ਮਜ਼ਦੂਰ ਆਗੂਆਂ ਨੂੰ ਬੁਲਾ ਕੇ ਬਾਤ ਨਾ ਪੁੱਛੀ ਸਰਕਾਰ ਨੇ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ 'ਤੇ ਮੀਟਿੰਗ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਬੁਲਾ ਕੇ ਮੀਟਿੰਗ ਨਾ ਕੀਤੀ ਗਈ, ਜਿਸ ਵਿਰੁੱਧ ਖੇਤ ਮਜ਼ਦੂਰ ਆਗੂਆਂ ਨੇ ਤਿੱਖਾ ਰੋਸ ਪ੍ਰਗਟਾਇਆ ਹੈ, ਇਸ ਨੂੰ ਮੁੱਖ ਮੰਤਰੀ ਦੀ ਦਲਿਤਾਂ ਪ੍ਰਤੀ ਘਟੀਆ ਤੇ ਨਾਂਹ ਪੱਖੀ ਸੋਚ ਦਾ ਇਜ਼ਹਾਰ ਕਰਾਰ ਦਿੱਤਾ ਹੈ। ਵਰਨਣਯੋਗ ਹੈ ਕਿ ਕੱਟੇ ਪਲਾਟਾਂ ਦੇ ਕਬਜ਼ੇ ਦੇਣ ਤੇ ਲੋੜਵੰਦਾਂ ਨੂੰ ਪਲਾਟ ਅਲਾਟ ਕਰਨ, ਨਰਮਾ ਚੁਗਾਈ ਦੇ ਮੁਆਵਜ਼ੇ ਦੀ ਰਹਿੰਦੀ ਵੰਡ ਕਰਨ ਤੇ ਸਿਆਸੀ ਵਿਤਕਰੇਬਾਜ਼ੀ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਦੇਣ ਤੇ ਕਰਜ਼ੇ ਖਤਮ ਕਰਨ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 15 ਸਤੰਬਰ ਤੋਂ ਲੰਬੀ ਵਿਖੇ ਲਾਏ ਮੋਰਚੇ ਸਮੇਂ 16 ਤੇ 17 ਸਤੰਬਰ ਨੂੰ ਫਾਜ਼ਲਿਕਾ-ਦਿੱਲੀ ਹਾਈਵੇ 'ਤੇ ਜਾਮ ਲਾਉਣ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦੇ ਨਿਪਟਾਰੇ ਸੰਬੰਧੀ ਅੱਜ ਦੀ ਬਕਾਇਦਾ ਮੀਟਿੰਗ ਸੱਦੀ ਸੀ।
ਇਸ ਮੀਟਿੰਗ ਨੂੰ ਸਿਰੇ ਚੜ੍ਹਾਉਣ ਲਈ ਲੰਬੀ ਦੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਵੀ ਅੱਜ ਖੇਤ ਮਜ਼ਦੂਰਾਂ ਦੇ ਵਫਦ ਨਾਲ ਇੱਥੇ ਪਹੁੰਚੇ ਹੋਏ ਸਨ। ਯੂਨੀਅਨ ਦੇ ਵਫਦ 'ਚ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਹਰਮੇਸ਼ ਮਾਲੜੀ, ਬਲਵੰਤ ਸਿੰਘ, ਮੇਜਰ ਸਿੰਘ ਕਾਲੇਕੇ ਤੇ ਹਰਭਗਵਾਨ ਸਿੰਘ ਮੂਣਕ ਸ਼ਾਮਲ ਸਨ।
ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਬਾਦਲ ਵੱਲੋਂ ਇਸ ਚਾਰ ਸੌ ਬੀਸੀ ਦਾ ਕਰੜੇ ਸੰਘਰਸ਼ ਰਾਹੀਂ ਜਵਾਬ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਇਹ ਬਾਦਲ ਸਰਕਾਰ ਦਾ ਦਲਿਤ/ਖੇਤ ਮਜ਼ਦੂਰਾਂ ਪ੍ਰਤੀ ਜਾਤਪਾਤੀ ਤੇ ਜਮਾਤੀ ਨਫਰਤ ਦਾ ਵੀ ਉਘੜਵਾਂ ਸਬੂਤ ਹੈ ਕਿ ਦਹਾਕਿਆਂ ਤੋਂ ਮਜ਼ਦੂਰਾਂ ਨੂੰ ਅਲਾਟ ਕੀਤੇ ਵੀਹ ਹਜ਼ਾਰ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਇਸ ਮਸਲੇ ਦੇ ਹੱਲ 'ਤੇ ਸਰਕਾਰ ਦਾ ਇੱਕ ਪੈਸਾ ਵੀ ਖਰਚ ਨਹੀਂ ਹੁੰਦਾ। ਦੂਜੇ ਪਾਸੇ ਹਜ਼ਾਰਾਂ ਮਜ਼ਦੂਰ ਪਰਵਾਰ ਬੇਘਰੇ ਹੋਣ ਕਾਰਨ ਜਗੀਰਦਾਰਾਂ ਦੇ ਪਸ਼ੂਆਂ ਵਾਲੇ ਵਾੜਿਆਂ, ਧਰਮਸ਼ਾਲਾਵਾਂ ਆਦਿ ਵਿੱਚ ਦਿਨ ਕਟੀ ਕਰ ਰਹੇ ਹਨ ਜਾਂ ਬੇਹੱਦ ਤੰਗ ਤੇ ਦਮਘੋਟੂ ਘਰਾਂ ਵਿੱਚ ਜੂਨ ਗੁਜ਼ਾਰਾ ਕਰ ਰਹੇ ਹਨ।