ਕਸ਼ਮੀਰ ਦੇ ਮੁੱਦੇ 'ਤੇ ਓ ਆਈ ਸੀ ਵੱਲੋਂ ਪਾਕਿਸਤਾਨ ਦੀ ਹਮਾਇਤ


ਨਿਊਯਾਰਕ (ਨਵਾਂ ਜ਼ਮਾਨਾ ਸਰਵਿਸ)
ਮੁਸਲਿਮ ਦੇਸ਼ਾਂ ਦੇ ਸੰਗਠਨ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕਾਰਪੋਰੇਸ਼ਨ (ਓ ਆਈ ਸੀ) ਨੇ ਪਾਕਿਸਤਾਨ ਦੀ ਹਮਾਇਤ ਕਰਦਿਆਂ ਭਾਰਤ ਨੂੰ ਕਿਹਾ ਹੈ ਕਿ ਉਸ ਨੂੰ ਕਸ਼ਮੀਰ 'ਚ 'ਜ਼ਿਆਦਤੀਆਂ' ਤੁਰੰਤ ਬੰਦ ਕਰਨੀਆਂ ਚਾਹੀਦੀਆਂ ਹਨ। ਓ ਆਈ ਸੀ ਮੁਤਾਬਕ ਕਸ਼ਮੀਰ ਮੁੱਦੇ ਦਾ ਹੱਲ ਕਸ਼ਮੀਰੀ ਲੋਕਾਂ ਦੀ ਇੱਛਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆ ਮੁਤਾਬਕ ਕੱਢਿਆ ਜਾਣਾ ਚਾਹੀਦਾ ਹੈ। ਓ ਆਈ ਸੀ ਦੇ ਜਨਰਲ ਸਕੱਤਰ ਇਯਾਦ ਅਮੀਨ ਮਦਨੀ ਨੇ ਕਸ਼ਮੀਰ ਦੀ ਸਥਿਤੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਭਾਰਤ ਨੂੰ ਉਥੇ ਕੀਤੀ ਜਾ ਰਹੀ 'ਜ਼ਿਆਦਤੀ' ਤੁਰੰਤ ਬੰਦ ਕਰਨ ਲਈ ਆਖਿਆ ਹੈ। ਉਨ੍ਹਾ ਨੇ ਭਾਰਤ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਕਸ਼ਮੀਰੀਆਂ ਦੀ ਇੱਛਾ ਅਤੇ ਸੁਰੱਖਿਆ ਪ੍ਰੀਸ਼ਦ ਦੇ ਮੱਤਿਆਂ ਮੁਤਾਬਕ ਵਿਵਾਦ ਦਾ ਸ਼ਾਂਤੀਪੂਰਨ ਹੱਲ ਕਰੇ। ਕਸ਼ਮੀਰੀ ਲੋਕਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਓ ਆਈ ਸੀ ਗਰੁੱਪ ਨੇ ਕਸ਼ਮੀਰੀ ਲੋਕਾਂ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ 'ਤੇ ਉਠਾਉਣ ਦਾ ਸੰਕਲਪ ਲਿਆ ਹੈ। ਮਦਨੀ ਦੀ ਇਹ ਟਿਪਣੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਓ ਆਈ ਸੀ ਗਰੁੱਪ ਦੀ ਮੀਟਿੰਗ 'ਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਇਆ। ਅਜ਼ੀਜ਼ ਨੇ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਅਤੇ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਵਿਰੁੱਧ ਪੇਲੇਟ ਗੰਨ ਦੀ ਵਰਤੋਂ ਕੀਤੇ ਜਾਣ ਦਾ ਵੀ ਮੁੱਦਾ ਉਠਾਇਆ। ਵਾਨੀ 8 ਜੁਲਾਈ ਨੂੰ ਕਸ਼ਮੀਰ 'ਚ ਸੁਰੱਖਿਆ ਦਸਤਿਆਂ ਨਾਲ ਹੋਏ ਇੱਕ ਮੁਕਾਬਲੇ 'ਚ ਮਾਰਿਆ ਗਿਆ ਸੀ।