ਪੱਤਰਕਾਰਾਂ ਦੇ ਸਿਦਕ ਸਦਕਾ ਉਲਟ ਹਾਲਾਤ ਨਾਲ ਲੜਿਆ 'ਨਵਾਂ ਜ਼ਮਾਨਾ' : ਐਡਵੋਕੇਟ ਸ਼ੁਗਲੀ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
'ਨਵਾਂ ਜ਼ਮਾਨਾ' ਦੀ ਹੋਰ ਬੇਹਤਰੀ ਲਈ ਪੰਜਾਬ ਭਰ ਦੇ ਪੱਤਰਕਾਰਾਂ ਨਾਲ ਸ਼ੁਰੂ ਕੀਤੀ ਮਿਲਣੀ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਝਾ ਖੇਤਰ ਦੇ ਪੱਤਰਕਾਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ 'ਚ ਪੱਤਰਕਾਰਾਂ ਨੂੰ ਜਿੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਮੇਸ਼ਾ ਵਾਂਗ ਨਿਰਪੱਖ ਪੱਤਰਕਾਰੀ ਕਰਨ ਲਈ ਕਿਹਾ ਗਿਆ, ਉਥੇ 'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ ਤੇ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਵੱਲੋਂ ਪੱਤਰਕਾਰਾਂ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਿਆ ਗਿਆ।
ਪੱਤਰਕਾਰਾਂ ਨੇ ਇਸ ਮੌਕੇ ਟਰੱਸਟ ਮੈਂਬਰਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ ਗਿਆ, ਜਿਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਐਡਵੋਕੇਟ ਸ਼ੁਗਲੀ ਨੇ ਕਿਹਾ ਕਿ ਅਦਾਰਾ ਸਮੇਂ ਸਮੇਂ ਕਈ ਵਾਰ ਮੁਸ਼ਕਲ ਹਾਲਾਤ ਵਿਚੋਂ ਲੰਘਿਆ ਹੈ। ਇਸ ਹਾਲਾਤ ਵਿਚੋਂ ਬਾਹਰ ਕੱਢਣ ਲਈ ਸਭ ਤੋਂ ਵੱਡਾ ਯੋਗਦਾਨ ਪੱਤਰਕਾਰ ਭਾਈਚਾਰੇ ਵੱਲੋਂ ਪਾਇਆ ਗਿਆ ਹੈ। ਪੱਤਰਕਾਰ ਕਿਸੇ ਵੀ ਮੀਡੀਆ ਅਦਾਰੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪਰ ਸਾਡੇ ਲਈ ਪੱਤਰਕਾਰ ਅਦਾਰੇ ਦੀ ਜਿੰਦ ਜਾਨ ਹਨ। ਉਨ੍ਹਾਂ ਪੱਤਰਕਾਰਾਂ ਨੂੰ ਵਿਸ਼ੇਸ਼ ਤਿਉਹਾਰਾਂ ਦੇ ਮੱਦੇਨਜ਼ਰ ਅਦਾਰੇ ਦੀ ਆਰਥਿਕ ਮੱਦਦ ਲਈ ਹੋਰ ਜ਼ੋਰ ਲਾਉਣ ਵਾਸਤੇ ਪ੍ਰੇਰਿਆ, ਉਥੇ ਆਪੋ ਆਪਣੇ ਇਲਾਕਿਆਂ ਵਿੱਚ ਅਖ਼ਬਾਰਾਂ ਵਧਾਉਣ ਲਈ ਵੀ ਕਿਹਾ।
ਕਾਮਰੇਡ ਮਾੜੀਮੇਘਾ ਨੇ ਕਿਹਾ ਕਿ ਪੱਤਰਕਾਰਾਂ ਵੱਲੋਂ ਨਿਸ਼ਕਾਮ ਸੇਵਾ ਕਰਦਿਆਂ ਜਿਹੜੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਜਸਬੀਰ ਸਿੰਘ ਪੱਟੀ ਸਮੇਤ ਸਾਰੇ ਪੱਤਰਕਾਰਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਅਦਾਰੇ ਨੂੰ ਹੋਰ ਕਾਮਯਾਬ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ।