ਦਰਦਨਾਕ ਹਾਦਸਾ; 7 ਮਾਸੂਮ ਜਿੰਦਾਂ ਦੀ ਮੌਤ


ਅੰਮ੍ਰਿਤਸਰ/ਝਬਾਲ
(ਜਸਬੀਰ ਸਿੰਘ, ਨਰਿੰਦਰ ਦੋਦੇ)
ਹਲਕਾ ਅਟਾਰੀ ਦੇ ਪਿੰਡ ਮੁਹਾਵਾ ਅਤੇ ਟਿੱਬੀ ਪਿੰਡਾਂ 'ਤੇ ਉਸ ਵਕਤ ਕਹਿਰ ਟੁੱਟ ਪਿਆ, ਜਦੋਂ ਅੱਜ ਦੁਪਹਿਰ 1:00 ਕੁ ਵਜੇ ਦੇ ਕਰੀਬ ਐੱਮ ਕੇ ਡੀ ਏ ਵੀ ਪਬਲਿਕ ਸਕੂਲ ਦੀ ਬੱਸ ਡਰੇਨ ਵਿਚ ਡਿੱਗ ਜਾਣ ਕਾਰਨ ਜਿੱਥੇ ਛੋਟੇ-ਛੋਟੇ 7 ਮਾਸੂਮਾਂ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਇਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਐੱਮ ਕੇ ਡੀ ਏ ਵੀ ਪਬਲਿਕ ਸਕੂਲ ਅਟਾਰੀ ਦੀ ਖਸਤਾ ਹਾਲਤ ਬੱਸ, ਜੋ ਪਿੰਡ ਮੁਹਾਵੇ ਨੂੰ ਜਾਂਦੇ ਮੇਨ ਰਸਤੇ 'ਤੇ ਡਿਫੈਂਸ ਡਰੇਨ ਉਪਰ ਬਣੇ 7-8 ਫੁੱਟ ਚੌੜੇ ਪੁਲ ਤੋਂ ਡਰੇਨ ਦੇ ਡੂੰਘੇ ਪਾਣੀ ਵਿਚ ਡਿੱਗ ਪਈ। ਹਾਦਸੇ ਸਮੇਂ ਬੱਸ ਵਿਚ 34-35 ਦੇ ਕਰੀਬ ਬੱਚੇ ਸਵਾਰ ਸਨ, ਜਿਹਨਾਂ ਨੂੰ ਨਜ਼ਦੀਕ ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਨਾਲ ਆਪਣੀਆਂ ਪੱਗਾਂ ਲਾਹ ਕੇ ਬਾਹਰ ਕੱਢਿਆ। ਹਾਦਸੇ ਕਾਰਨ ਬੱਸ ਵਿਚ ਸਵਾਰ ਗੁਰਮਨਪ੍ਰੀਤ ਕੌਰ (5 ਸਾਲ) ਪੁੱਤਰੀ ਹਰਪ੍ਰੀਤ ਸਿੰਘ, ਰੋਬਨਪ੍ਰੀਤ ਸਿੰਘ (8 ਸਾਲ) ਪੁੱਤਰ ਗੁਰਜੀਤ ਸਿੰਘ, ਸਹਿਜਦੀਪ ਕੌਰ (10 ਸਾਲ) ਪੁੱਤਰੀ ਸੁਰਜੀਤ ਸਿੰਘ, ਯੁਵਰਾਜ ਸਿੰਘ (8 ਸਾਲ) ਪੁੱਤਰ ਸੁਰਜੀਤ ਸਿੰਘ, ਜੋ ਦੋਵੇਂ ਭੈਣ-ਭਰਾ ਹਨ ਵਾਸੀ ਪਿੰਡ ਮੁਹਾਵਾ, ਸਹਿਜਪ੍ਰੀਤ ਸਿੰਘ (7 ਸਾਲ) ਪੁੱਤਰ ਜਤਿੰਦਰ ਸਿੰਘ, ਅੰਸ਼ਪ੍ਰੀਤ ਕੌਰ (5 ਸਾਲ) ਪੁੱਤਰੀ ਹਰਵਿੰਦਰ ਸਿੰਘ, ਜੈਸਮੀਨ ਕੌਰ (10 ਸਾਲ) ਪੁੱਤਰੀ ਹਰਜਿੰਦਰ ਸਿੰਘ, ਵਾਸੀ ਪਿੰਡ ਟਿੱਬੀ ਮੁਹਾਵਾ ਦੀ ਮੌਕੇ 'ਤੇ ਮੌਤ ਹੋ ਗਈ। ਪਿੰਡ ਵਾਸੀਆਂ ਨੇ ਬੜੇ ਹੌਸਲੇ ਨਾਲ ਬਾਕੀ ਬੱਚਿਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ, ਜਿਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਮੁੱਖ ਕਾਰਨ ਜਿਥੇ ਬਗੈਰ ਗਰਿਲ ਤੋਂ ਛੋਟੇ ਅਕਾਰ ਦਾ ਪੁਲ ਦੱਸਿਆ ਜਾ ਰਿਹਾ ਹੈ, ਉਥੇ ਬੱਸ ਦਾ ਡਰਾਈਵਰ ਵੀ ਨਵਾਂ ਹੋਣ ਕਰਕੇ ਇਹ ਹਾਦਸਾ ਵਾਪਰਿਆ। ਸਕੂਲ ਬੱਸ ਦਾ ਡਰਾਈਵਰ ਬੱਸ ਨੂੰ ਡਿੱਗਦੀ ਵੇਖ ਛਾਲ ਮਾਰ ਕੇ ਬੱਸ ਵਿਚੋਂ ਭੱਜ ਗਿਆ। ਇਸ ਸਾਰੀ ਘਟਨਾ ਨੂੰ ਲੈ ਕੇ ਜਿਥੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਲੋਕਾਂ ਵਿਚ ਰੋਹ ਪਾਇਆ ਜਾ ਰਿਹਾ ਹੈ, ਉਥੇ ਸਕੂਲ ਅਤੇ ਬੱਸ ਮਾਲਕ 'ਤੇ ਵੀ ਰੋਸ ਜਤਾਇਆ ਜਾ ਰਿਹਾ ਹੈ।
ਇਸ ਘਟਨਾ ਦਾ ਪਤਾ ਚੱਲਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਐੱਸ ਡੀ ਐੱਮ ਰਜੇਸ਼ ਸ਼ਰਮਾ ਭਾਰੀ ਗਿਣਤੀ ਵਿਚ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਦੇਵ ਸਿੰਘ ਲਾਲੀ ਨੇ ਜਿੱਥੇ ਇਸ ਦਰਦਨਾਕ ਹਾਦਸੇ 'ਤੇ ਗਹਿਰਾ ਸੋਗ ਜ਼ਾਹਰ ਕੀਤਾ, ਉਥੇ ਉਹਨਾ ਕਿਹਾ ਕਿ ਉਹ ਇਸ ਪੁਲ ਨੂੰ ਚੌੜਾ ਕਰਨ ਸੰਬੰਧੀ ਕਈ ਵਾਰ ਕੇਂਦਰ ਸਰਕਾਰ ਦੇ ਡਿਫੈਂਸ ਵਿਭਾਗ ਨੂੰ ਚਿੱਠੀ ਲਿਖ ਚੁੱਕੇ ਹਨ, ਪਰ ਕਿਸੇ ਨੇ ਇਸ ਨੂੰ ਚੌੜਾ ਕਰਨਾ ਜ਼ਰੂਰੀ ਨਹੀਂ ਸਮਝਿਆ, ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ।
ਲੋਕ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੁਰਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ, ਜਿਸ ਨੇ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਤਂੋ ਸਕੂਲ ਵੈਨਾਂ ਦੀ ਜਾਂਚ ਕਰੇ ਤੇ ਸਿਰਫ ਉਹੀ ਵੈਨਾਂ ਨੂੰ ਸੜਕਾਂ 'ਤੇ ਚੱਲਣ ਦੀ ਆਗਿਆ ਦਿੱਤੀ ਜਾਵੇ, ਜਿਹੜੀਆਂ ਚੱਲਣ ਦੇ ਯੋਗ ਹੋਣ।