ਉੜੀ ਹਮਲੇ ਪਿੱਛੇ ਕਾਸਿਫ਼ ਜਾਨ ਦਾ ਹੱਥ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਉੜੀ ਅੱਤਵਾਦੀ ਹਮਲੇ ਦੀ ਮੁੱਢਲੀ ਜਾਂਚ ਤੋਂ ਜੋ ਸੁਰਾਗ ਮਿਲੇ ਹਨ, ਉੜੀ ਦੇ ਫ਼ੌਜੀ ਹੈਡਕਵਾਟਰ 'ਤੇ ਹਮਲੇ ਦੇ ਤਾਰ ਪਠਾਨਕੋਟ ਹਮਲੇ ਨਾਲ ਜੋੜਦੇ ਹਨ। ਜਾਂਚ 'ਚ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਖ਼ਤਰਨਾਕ ਅੱਤਵਾਦੀ ਕਾਸਿਫ਼ ਜਾਨ ਦਾ ਨਾਂਅ ਸਾਹਮਣੇ ਆਇਆ ਹੈ। ਐਨ ਆਈ ਏ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏਜੰਸੀ ਉੜੀ ਹਮਲੇ ਨੂੰ ਲੈ ਕੇ ਨੌਗਾਮ 'ਚ ਗ੍ਰਿਫ਼ਤਾਰ ਪਾਕਿਸਤਾਨੀ ਅੱਤਵਾਦੀ ਬਹਾਦਰ ਅਲੀ ਤੋਂ ਪੁੱਛਗਿੱਛ ਕਰੇਗੀ। ਉਸ ਨੂੰ ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣਗੀਆਂ। ਐਨ ਆਈ ਏ ਦਾ ਕਹਿਣਾ ਹੈ ਕਿ ਉੜੀ ਹਮਲੇ ਤੋਂ ਬਾਅਦ ਜੋ ਸਾਮਾਨ ਬਰਾਮਦ ਹੋਇਆ ਹੈ, ਉਹ ਬਹਾਦਰ ਅਲੀ ਤੋਂ ਬ੍ਰਾਮਦ ਸਾਮਾਨ ਨਾਲ ਮਿਲਦਾ-ਜੁਲਦਾ ਹੈ ਅਤੇ ਇਸ ਕਰਕੇ ਬਹਾਦਰ ਅਲੀ ਤੋਂ ਪੁੱਛਗਿੱਛ ਜ਼ਰੂਰੀ ਹੈ। ਐਨ ਆਈ ਏ ਨੂੰ ਸ਼ੱਕ ਹੈ ਕਿ ਜੈਸ਼ ਦੇ ਅੱਤਵਾਦੀ ਰਾਓਫ ਅਜਗਰ ਨਾਲ ਕਾਸ਼ਿਫ਼ ਜਾਨ ਨੇ ਉੜੀ ਦੇ ਅੱਤਵਾਦੀਆਂ ਨੂੰ ਸਰਹੱਦ ਤੱਕ ਪਹੁੰਚਾਇਆ। ਪਠਾਨਕੋਟ ਦੀ ਤਰਜ਼ 'ਤੇ ਜਾਨ ਅਤੇ ਅਜਗਰ ਲਗਾਤਾਰ ਉੜੀ 'ਚ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਸੰਪਰਕ 'ਚ ਸਨ। ਜ਼ਿਕਰਯੋਗ ਹੈ ਕਿ ਪਠਾਨਕੋਟ ਹਮਲੇ 'ਚ ਕਾਸਿਫ਼ ਜਾਨ ਨੇ ਹੀ 16 ਵਾਰੀ ਅੱਤਵਾਦੀਆਂ ਨਾਲ ਗੱਲਬਾਤ ਕੀਤੀ ਸੀ। ਪੜਤਾਲ 'ਚ ਕਾਸਿਫ਼ ਜਾਨ ਦੀ ਲੋਕੇਸ਼ਨ ਪਾਕਿਸਤਾਨ ਦੇ ਨਾਰੋਵਾਲ 'ਚ ਪਾਈ ਗਈ।