ਸਿੱਧੂ ਨਹੀਂ ਬਣਾਉਣਗੇ ਨਵੀਂ ਪਾਰਟੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਜਪਾ ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ ਨਵੀਂ ਪਾਰਟੀ ਨਹੀਂ ਬਣਾਉਣਗੇ। ਉਨ੍ਹਾ ਦਾ ਕਹਿਣਾ ਹੈ ਕਿ ਜੋ ਵੀ ਪੰਜਾਬ ਦੀ ਬਿਹਤਰੀ ਲਈ ਅੱਗੇ ਆਵੇਗਾ, ਉਹ ਉਸ ਨਾਲ ਜੁੜ ਜਾਣਗੇ। ਉਨ੍ਹਾ ਕਿਹਾ ਕਿ ਉਹ ਸਿਰਫ਼ ਫ਼ੋਰਮ ਤੱਕ ਹੀ ਸੀਮਤ ਰਹਿਣਗੇ ਅਤੇ ਕਿਸੇ ਨਾਲ ਵੀ ਗੱਠਜੋੜ ਦੇ ਬਦਲ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਸਾਬਕਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਨੇ ਅਵਾਜ਼-ਏ-ਪੰਜਾਬ ਮੋਰਚਾ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਵੇਲੇ ਇਹ ਗੱਲ ਤੈਅ ਨਹੀਂ ਸੀ ਕਿ ਉਹ ਪਾਰਟੀ ਬਣਾਉਣਗੇ ਜਾਂ ਮੋਰਚੇ ਤੱਕ ਸੀਮਤ ਰਹਿਣਗੇ। ਕਈ ਸਿਆਸੀ ਵਿਸ਼ਲੇਸ਼ਕ ਇਸ ਨੂੰ ਸਿੱਧੂ ਦਾ ਮਾਸਟਰ ਸਟ੍ਰੋਕ ਮੰਨ ਰਹੇ ਹਨ, ਹਾਲਾਂਕਿ ਭਾਜਪਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਦਾ ਝੁਕਾਅ ਆਪ ਵੱਲ ਸੀ। ਇਸੇ ਦਰਮਿਆਨ ਉਨ੍ਹਾ ਦੀ ਕਾਂਗਰਸ ਨਾਲ ਗੱਲ ਬਨਣ ਦੇ ਆਸਾਰ ਵੀ ਬਣੇ ਸਨ, ਪਰ ਜਦੋਂ ਗੱਲ ਨਾ ਬਣੀ ਤਾਂ ਉਨ੍ਹਾਂ ਨੇ ਮੋਰਚਾ ਬਣਾਉਣ ਦਾ ਐਲਾਨ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਆਸੀ ਸਮੀਕਰਨ ਲਗਾਤਾਰ ਬਦਲ ਰਹੇ ਹਨ ਅਤੇ ਅਜਿਹੇ 'ਚ ਇਸ ਮੋਰਚੇ ਦਾ ਐਲਾਨ ਪ੍ਰਗਟ ਸਿੰਘ, ਬੈਂਸ ਭਰਾਵਾਂ ਅਤੇ ਸਿੱਧੂ ਲਈ ਵੱਡੀ ਸਫ਼ਲਤਾ ਦੀ ਗਾਰੰਟੀ ਬਣ ਕੇ ਉਭਰ ਸਕਦਾ ਹੈ। ਆਮ ਆਦਮੀ ਪਾਰਟੀ ਵੱਲੋਂ ਕੋਈ ਪੁਖਤਾ ਭਰੋਸਾ ਮਿਲਣ ਅਤੇ ਭਾਜਪਾ 'ਚ ਵਾਪਸੀ ਦਾ ਰਾਹ ਬੰਦ ਹੋਣ ਤੋਂ ਬਾਅਦ ਸਿੱਧੂ ਕੋਲ ਕਾਂਗਰਸ ਹੀ ਇਕੋ-ਇੱਕ ਬਦਲ ਰਹਿ ਗਿਆ ਸੀ, ਪਰ ਉਥੇ ਪਹਿਲਾਂ ਹੀ ਦਿੱਗਜ ਆਗੂਆਂ ਦੀ ਭਰਮਾਰ ਹੈ, ਇਸ ਤੋਂ ਬਾਅਦ ਸਿੱਧੂ ਕੋਲ ਚੌਥੇ ਮੋਰਚੇ ਦਾ ਗਠਨ ਹੀ ਇਕੋ-ਇੱਕ ਬਦਲ ਰਹਿ ਗਿਆ ਸੀ। ਇਸ ਮੋਰਚੇ 'ਚ ਅਕਾਲੀ ਦਲ 'ਚੋਂ ਨਿਕਲੇ ਸਾਬਕਾ ਮੰਤਰੀ ਅਕਾਲੀ ਦਲਾ ਨਾਲ ਆਢਾ ਲਾਉਣ ਵਾਲੇ ਬੈਂਸ ਭਰਾ ਸ਼ਾਮਲ ਹੋ ਚੁੱਕੇ ਹਨ। ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਪ ਦੇ ਬਾਗੀ ਸਾਂਸਦ ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ, ਜਗਮੀਤ ਸਿੰਘ ਬਰਾੜ ਅਤੇ ਬੀਰਦਵਿੰਦਰ ਸਮੇਤ ਕਈ ਬਾਗੀ ਆਗੂ ਇਸ ਮੋਰਚੇ 'ਚ ਸ਼ਾਮਲ ਹੋ ਸਕਦੇ ਹਨ।