ਪਾਕਿ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਘੁੰਮਦੇ ਹਨ ਅੱਤਵਾਦੀ

ਸੰਯੁਕਤ ਰਾਸ਼ਟਰ
(ਨਵਾਂ ਜ਼ਮਾਨਾ ਸਰਵਿਸ)
ਸੰਯੁਕਤ ਰਾਸ਼ਟਰ ਮਹਾਂਸਭਾ ਦੇ ਅਜਲਾਸ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਦੇ ਕੁਝ ਘੰਟਿਆਂ ਬਾਅਦ ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ ਇੱਕ ਅੱਤਵਾਦੀ ਦੇਸ਼ ਕਰਾਰ ਦਿੱਤਾ ਹੈ। ਭਾਰਤ ਨੇ ਦੋਸ਼ ਲਾਇਆ ਕਿ ਪਾਕਿਸਤਾਨ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੀ ਆਪਣੀ ਰਣਨੀਤੀ ਤਹਿਤ ਭਾਰਤ ਵਿਰੁੱਧ ਜੰਗੀ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਖਤ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਕਰਾਰ ਦਿੱਤਾ ਹੋਇਆ ਹੈ, ਉਹ ਪਾਕਿਸਤਾਨ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਸਰਕਾਰ ਦੀ ਮਦਦ ਨਾਲ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲਾ ਦਰਜਾ ਸਕੱਤਰ ਈ ਗੰਭੀਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਉਲੰਘਣ ਅੱਤਵਾਦ ਹੈ। ਉਨ੍ਹਾ ਕਿਹਾ ਕਿ ਜਦੋਂ ਇਸ ਦੀ ਵਰਤੋਂ ਸਰਕਾਰੀ ਨੀਤੀ ਦੇ ਤੌਰ 'ਤੇ ਕੀਤੀ ਜਾਂਦਾ ਹੈ ਤਾਂ ਇਹ ਇੱਕ ਜੰਗੀ ਅਪਰਾਧ ਹੈ। ਉਨ੍ਹਾ ਕਿਹਾ ਕਿ ਭਾਰਤ ਅਤੇ ਹੋਰ ਗੁਆਂਢੀ ਮੁਲਕ ਪਾਕਿਸਤਾਨ ਦੀ ਅੱਤਵਾਦ ਨੂੰ ਸਪਾਂਸਰ ਕਰਨ ਦੀ ਲੰਮਚਿਰੀ ਨੀਤੀ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਸਿੱਟੇ ਇਸ ਖਿੱਤੇ ਤੋਂ ਪਰ੍ਹੇ ਤੱਕ ਫੈਲਦੇ ਜਾ ਰਹੇ ਹਨ। ਗੰਭੀਰ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਇੱਕ ਅੱਤਵਾਦੀ ਦੇਸ਼ ਦੇ ਤੌਰ 'ਤੇ ਦੇਖਦਾ ਹੈ, ਜੋ ਕੌਮਾਂਤਰੀ ਭਾਈਚਾਰੇ ਵੱਲੋਂ ਅਰਬਾਂ-ਖਰਬਾਂ ਦੀ ਵਿੱਤੀ ਮਦਦ ਨੂੰ ਅੱਤਵਾਦੀ ਗਰੁੱਪਾਂ ਨੂੰ ਸਿਖਲਾਈ ਦੇਣ ਅਤੇ ਮਾਲੀ ਮਦਦ ਦੇਣ ਲਈ ਵਰਤ ਰਿਹਾ ਹੈ। ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਮੁੰਬਈ ਅੱਤਵਾਦੀ ਹਮਲਿਆਂ ਦੇ ਸ਼ਾਜ਼ਿਸ਼ਘਾੜੇ ਜਕੀ-ਉਰ ਰਹਿਮਾਨ ਲਖਵੀ ਦਾ ਹਵਾਲਾ ਦਿੰਦਿਆਂ ਗੰਭੀਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਕਰਾਰ ਦਿੱਤੇ ਗਏ ਸੰਗÎਠਨ ਅਤੇ ਉਸ ਦੇ ਨੇਤਾ ਪਾਕਿਸਤਾਨ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਘੁੰਮਦੇ ਹਨ ਅਤੇ ਸਰਕਾਰ ਦੀ ਮਦਦ ਨਾਲ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਗੰਭੀਰ ਨੇ ਕਿਹਾ ਕਿ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੇ ਭਾਰਤ ਅਤੇ ਕੌਮਾਂਤਰੀ ਭਾਈਚਾਰੇ ਨਾਲ ਝੂਠੇ ਵਾਅਦੇ ਕੀਤੇ ਹਨ। ਭਾਰਤ ਨੇ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਗੁਣਗਾਨ ਕੀਤੇ ਜਾਣ ਲਈ ਨਵਾਜ਼ ਸ਼ਰੀਫ ਦੀ ਸਖਤ ਨਿਖੇਧੀ ਕੀਤੀ ਹੈ। ਬੁਰਹਾਨ ਵਾਨੀ ਇਸ ਸਾਲ 8 ਜੁਲਾਈ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਗੰਭੀਰ ਨੇ ਸੰਯੁਕਤ ਰਾਸ਼ਟਰ ਨੂੰ ਯਾਦ ਦਿਵਾਇਆ ਕਿ 9/11 ਨੂੰ ਹੋਏ ਸਭ ਤੋਂ ਭਿਆਨਕ ਅਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੇ ਤਾਰ ਪਾਕਿਸਤਾਨ ਦੇ ਐਬਟਾਬਾਦ ਨਾਲ ਜੁੜੇ ਹੋਏ ਸਨ, ਉਥੇ ਅਲ ਕਾਇਦਾ ਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ, ਜਿਸ ਨੂੰ ਅਮਰੀਕੀ ਫੌਜਾਂ ਨੇ ਐਬਟਾਬਾਦ ਵਿੱਚ ਸਿੱਧੀ ਕਾਰਵਾਈ ਕਰਕੇ ਮਾਰ ਮੁਕਾਇਆ ਸੀ। ਗੰਭੀਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਅੱਤਵਾਦੀਆਂ ਦੀ ਇੱਕ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ਅਤੇ ਕਈ ਅੱਤਵਾਦੀ ਜਥੇਬੰਦੀਆਂ ਦੇ ਪਾਕਿਸਤਾਨ ਵਿਚ ਕੈਂਪ ਹਨ ਅਤੇ ਉਹ ਉਥੋਂ ਹੀ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਦੇਸ਼ ਖੁਦ ਨੂੰ ਅੱਤਵਾਦ ਦੇ ਵਿਸ਼ਵੀ ਧੁਰੇ ਵਜੋਂ ਸਥਾਪਤ ਕਰ ਚੁੱਕਿਆ ਹੈ, ਉਹ ਹੋਰਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਪਾਠ ਪੜ੍ਹਾ ਰਿਹਾ ਹੈ। ਗੰਭੀਰ ਨੇ ਮਹਾਂਸਭਾ ਨੂੰ ਇਹ ਵੀ ਦੱਸਿਆ ਕਿ ਜਿਸ ਸਮੇਂ ਨਵਾਜ਼ ਸ਼ਰੀਫ ਇਸ ਵਿਸ਼ਵ ਸੰਸਥਾ ਨੂੰ ਆਪਣਾ ਉਪਦੇਸ਼ ਦੇ ਰਿਹਾ ਸੀ, ਉਸ ਸਮੇਂ ਨਵੀਂ ਦਿੱਲੀ ਵਿੱਚ ਉਸ ਦੇ ਰਾਜਦੂਤ ਨੂੰ ਉੜੀ ਵਿੱਚ ਹੋਏ ਅੱਤਵਾਦੀ ਹਮਲੇ ਦੀ ਪਿੱਠਭੂਮੀ ਵਿੱਚ ਤਲਬ ਕੀਤਾ ਗਿਆ ਸੀ। ਉੜੀ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 18 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।
ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਦੇ ਦੌਰੇ ਦੌਰਾਨ ਕਸ਼ਮੀਰ ਮੁੱਦੇ ਦੇ ਕੌਮਾਂਤਰੀਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਸ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਨਵਾਜ਼ ਸ਼ਰੀਫ ਨੇ ਕਸ਼ਮੀਰ ਦਾ ਮੁੱਦਾ ਅਮਰੀਕਾ, ਬਰਤਾਨੀਆ, ਜਪਾਨ ਅਤੇ ਤੁਰਕੀ ਦੇ ਆਗੂਆਂ ਕੋਲ ਉਠਾਇਆ, ਪਰ ਇਨ੍ਹਾਂ ਆਗੂਆਂ ਨੇ ਨਵਾਜ਼ ਸ਼ਰੀਫ ਦੇ ਹੱਕ ਵਿੱਚ ਕੋਈ ਹਾਮੀ ਨਹੀਂ ਭਰੀ।