ਜਗਦੀਸ਼ ਗਗਨੇਜਾ ਦਾ ਦੇਹਾਂਤ ਜਲੰਧਰ ਤੇ ਲੁਧਿਆਣਾ 'ਚ ਅਲਰਟ

ਲੁਧਿਆਣਾ/ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਆਰ ਐੱਸ ਐੱਸ ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ ਦਾ ਲੁਧਿਆਣਾ ਦੇ ਨਿੱਜੀ ਹਸਪਤਾਲ ਮੈਟਰੋ ਡੀ ਐੱਮ ਸੀ ਇੰਸਟੀਚਿਊਟ 'ਚ ਦਿਹਾਂਤ ਹੋ ਗਿਆ। ਉਨ੍ਹਾ ਵੀਰਵਾਰ ਸਵੇਰੇ 9 ਵੱਜ ਕੇ 16 ਮਿੰਟ 'ਤੇ ਆਖ਼ਰੀ ਸਾਹ ਲਿਆ। ਉਹ 62 ਵਰ੍ਹਿਆਂ ਦੇ ਸਨ। ਗਗਨੇਜਾ ਦੇ ਦੇਹਾਂਤ ਤੋਂ ਬਾਅਦ ਇਹਤਿਆਤ ਵਜੋਂ ਪੰਜਾਬ ਅਤੇ ਖਾਸ ਤੌਰ 'ਤੇ ਲੁਧਿਆਣਾ ਅਤੇ ਜਲੰਧਰ 'ਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਵੱਡੀ ਪੱਧਰ 'ਤੇ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ। ਗੈਰ-ਸਮਾਜੀ ਤੱਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਗਗਨੇਜਾ ਨੂੰ ਬੀਤੀ 6 ਅਗਸਤ ਨੂੰ ਜਲੰਧਰ 'ਚ ਮੋਟਰਸਾਈਕਲ 'ਤੇ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਹਮਲੇ ਤੋਂ ਇੱਕ ਦਿਨ ਬਾਅਦ ਉਨ੍ਹਾ ਨੂੰ ਹਾਲਤ ਵਿਗੜਣ ਕਾਰਨ ਲੁਧਿਆਣਾ ਰੈਫ਼ਰ ਕੀਤਾ ਗਿਆ, ਜਿੱਥੇ ਉਹ ਕਰੀਬ ਡੇਢ ਮਹੀਨਾ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਆਖਰ ਦਮ ਤੋੜ ਗਏ। ਉਹ ਸਾਬਕਾ ਬ੍ਰਿਗੇਡੀਅਰ ਅਤੇ ਆਰ ਐੱਸ ਐੱਸ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ ਸਨ।
ਸਵਰਗੀ ਗਗਨੇਜਾ 'ਤੇ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਸ ਕੋਈ ਸੁਰਾਗ ਲਾਉਣ 'ਚ ਨਾਕਾਮ ਰਹੀ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਗਈ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗਗਨੇਜਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਸੋਗ ਸਨੇਹੇ 'ਚ ਕਿਹਾ ਕਿ ਦੇਸ਼ ਅਤੇ ਖਾਸ ਤੌਰ 'ਤੇ ਪੰਜਾਬ ਤੋਂ ਇੱਕ ਅਹਿਮ ਆਗੂ ਖੁੱਸ ਗਿਆ ਹੈ। ਉਨ੍ਹਾ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਗਗਨੇਜਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਜਗਦੀਸ਼ ਗਗਨੇਜਾ ਦਾ ਅੰਤਮ ਸੰਸਕਾਰ ਜਲੰਧਰ ਛਾਉਣੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾ ਦੀ ਅੰਤਮ ਵਿਦਾਇਗੀ 'ਚ ਵੱਡੀ ਗਿਣਤੀ 'ਚ ਸਕੇ-ਸੰਬੰਧੀ ਅਤੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਸਨ।
ਲੁਧਿਆਣਾ (ਧਰਮ ਪਾਲ ਮੈਨਰਾ) : ਸਵੇਰੇ ਸਥਾਨਕ ਦਯਾਨੰਦ ਹਸਪਤਾਲ ਵਿਖੇ ਸਵਰਗਵਾਸ ਹੋਏ ਬ੍ਰਿਗੇਡੀਅਰ (ਸੇਵਾ-ਮੁਕਤ) ਜਗਦੀਸ਼ ਗਗਨੇਜਾ ਦੀ ਮੌਤ 'ਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਰੀਥ ਚੜ੍ਹਾਈ।ਉਨ੍ਹਾਂ ਗਗਨੇਜਾ ਦੀ ਮੌਤ ਨੂੰ ਬੇਵਕਤੀ ਅਤੇ ਅਸਹਿ ਕਿਹਾ। ਇਸ ਮੌਕੇ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।