ਅਕਾਲੀ-ਭਾਜਪਾ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ : ਕੈਪਟਨ


ਹੁਸ਼ਿਆਰਪੁਰ (ਬਲਵੀਰ ਸੈਣੀ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਸੱਤਾ 'ਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਖੋਹ ਚੁੱਕੀ ਹੈ, ਜਿਸ ਕੋਲ ਸੂਬੇ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਆਰ.ਐੱਸ.ਐੱਸ ਲੀਡਰ ਬ੍ਰਿਗੇਡਿਅਰ ਜਗਦੀਸ਼ ਗਗਨੇਜਾ ਦੇ ਦਿਹਾਂਤ 'ਤੇ ਵੀ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਗਗਨੇਜਾ ਉਪਰ ਹੋਇਆ ਕਾਤਲਾਨਾ ਹਮਲਾ ਲੋਕਾਂ ਦੀ ਜ਼ਿੰਦਗੀ ਦੀ ਰਾਖੀ ਕਰਨ 'ਚ ਸਰਕਾਰ ਦੀ ਅਸਫਲਤਾ ਦਾ ਖੁਲਾਸਾ ਕਰਦਾ ਹੈ।
ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਂਝੇਦਾਰ ਤੌਰ 'ਤੇ ਅਯੋਜਿਤ ਕਿਸਾਨਾਂ ਦੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਸਾਰੇ ਲੋਨ ਅਦਾ ਕਰੇਗੀ ਅਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਵਰਗੇ ਨਿਰਾਸ਼ਾਜਨਕ ਕਦਮ ਨਾ ਚੁੱਕਣ ਦੀ ਅਪੀਲ ਕੀਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬ੍ਰਿਗੇਡੀਅਰ ਗਗਨੇਜਾ ਦੀ ਹੱਤਿਆ ਉਸ ਲੜੀ ਦਾ ਇਕ ਹਿੱਸਾ ਹੈ, ਜਿਸ 'ਚ ਪਹਿਲਾਂ ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ ਕੀਤਾ ਗਿਆ ਸੀ। ਬਾਅਦ 'ਚ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਸਰਕਾਰ ਹਾਲੇ ਤੱਕ ਪੂਰੀ ਤਰ੍ਹਾਂ ਸੁਰਾਗਹੀਣ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕੋਈ ਵੀ ਪੰਜਾਬੀ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ, ਕਿਉਂਕਿ ਬਾਦਲ ਸ਼ਾਸਨ ਚਲਾਉਣ 'ਚ ਨਾਕਾਮ ਰਹੇ ਹਨ ਅਤੇ ਬਿਹਤਰ ਹੋਵੇਗਾ ਕਿ ਇਸ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਜਾਵੇ। ਬਾਅਦ 'ਚ ਜੋ ਹੋਣਾ ਹੈ, ਉਹ ਪਹਿਲਾਂ ਹੀ ਹੋ ਜਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨ ਦੀ ਬਜਾਇ ਦੂਜਿਆਂ ਕੰਮਾਂ 'ਚ ਲੱਗੇ ਹੋਣ ਨਾਲ ਅਜਿਹੇ ਹਾਲਾਤ ਬਣਨੇ ਲਾਜ਼ਮੀ ਹਨ, ਜਿਸ ਹੱਦ ਤੱਕ ਇਨ੍ਹਾਂ ਨੇ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਹੈ, ਇਹ ਰਹਿਮ ਦੇ ਬਿਲਕੁਲ ਵੀ ਹੱਕਦਾਰ ਨਹੀਂ ਹਨ ਤੇ ਨਾ ਹੀ ਉਨ੍ਹਾਂ ਕੋਲ ਇਨ੍ਹਾਂ ਵਾਸਤੇ ਦਇਆ ਹੋਵੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਕਿਵੇਂ ਇਨ੍ਹਾਂ ਨੇ ਪੰਜਾਬ ਨੂੰ ਇਕ ਪਾਸੇ ਦੀਵਾਲੀਏਪਣ ਅਤੇ ਦੂਜੇ ਧਿਰ ਨਸ਼ਿਆਂ 'ਚ ਧਕੇਲ ਦਿੱਤਾ ਹੈ ਅਤੇ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਭਾਜਪਾ ਦੀ ਚੁੱਪੀ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਇਹ (ਭਾਜਪਾ ਆਗੂ) ਆਪਣੇ ਇਕ ਸੀਨੀਅਰ ਸਾਥੀ ਦੀ ਹੱਤਿਆ ਤੋਂ ਬਾਅਦ ਵੀ ਨਹੀਂ ਹਿੱਲੇ। ਇਨ੍ਹਾਂ ਦੀ ਚੁੱਪੀ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ।
ਉਨ੍ਹਾਂ ਲੋਕਾਂ ਨੂੰ ਸਾਵਧਾਨੀ ਨਾਲ ਵੋਟ ਦੇਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਪੰਜਾਬ ਨੂੰ ਬਦਹਾਲ ਹਾਲਤ ਤੋਂ ਬਾਹਰ ਕੱਢਣਾ ਚਾਹੁੰਦੇ ਹਨ ਤਾਂ ਕਾਂਗਰਸ ਨੂੰ ਵੋਟ ਦੇਣ। ਤੁਸੀਂ ਮੇਰੇ ਸ਼ਾਸਨ ਦੇ ਪੰਜ ਸਾਲ ਦੇਖੇ ਹਨ ਅਤੇ ਹੁਣ ਤੁਸੀਂ ਇਨ੍ਹਾਂ ਦੇ 10 ਸਾਲ ਦੇਖੇ ਹਨ ਤੇ ਹੁਣ ਫੈਸਲਾ ਤੁਸੀਂ ਖੁਦ ਕਰਨਾ ਹੈ। ਉਨ੍ਹਾਂ ਨੇ ਖਾਸ ਕਰਕੇ ਕਿਸਾਨਾਂ ਨੂੰ ਯਾਦ ਦਿਵਾਇਆ ਕਿ ਕਿਵੇਂ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਉਹ ਖੁਸ਼ਹਾਲ ਸਨ। ਸਾਬਕਾ ਮੁੱਖ ਮੰਤਰੀ ਨੇ ਬਾਦਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਝੋਨੇ ਦੀ ਖਰੀਦ ਕਰਨ ਵਾਲੀ ਹੈ, ਕਿਉਂਕਿ ਬੈਂਕਾਂ ਨੇ ਇਸ ਲਈ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਝੋਨੇ ਦੀ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਨਾਲ ਸ਼ਾਇਦ ਕਿਸਾਨਾਂ ਨੂੰ ਸਹੀ ਮੁੱਲ ਨਾ ਮਿਲ ਪਾਵੇ, ਕਿਉਂਕਿ ਖ੍ਰੀਦਦਾਰ ਨਾ ਹੋਣ। ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਖਿਲਾਫ ਵੀ ਚੇਤਾਵਨੀ ਦਿੱਤੀ, ਜਿਹੜੀ ਅਕਾਲੀਆਂ ਨਾਲੋਂ ਵੀ ਮਾੜੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪ ਤੋਂ ਸਾਵਧਾਨ ਰਹਿਣਾ, ਕਿਥੇ ਪੰਜਾਬ ਨੂੰ ਬਦਹਾਲ ਕਾਨੂੰਨ ਵਿਵਸਥਾ ਤੋਂ ਅਰਾਜਕਤਾ 'ਚ ਨਾ ਪਹੁੰਚਾ ਦੇਣਾ, ਜੋ ਇਨ੍ਹਾਂ ਨੇ ਦਿੱਲੀ ਨਾਲ ਕੀਤਾ ਹੈ। ਉਨ੍ਹਾਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੱਸਣ ਲਈ ਕਿਹਾ ਕਿ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਹਨ ਜਾਂ ਫਿਰ ਨਹੀਂ। ਸੁਖਪਾਲ ਖਹਿਰਾ ਵਰਗੇ ਲੋਕਾਂ ਤੋਂ ਆਪਣੇ ਲਈ ਬੁਲਵਾ ਕੇ ਤੁਹਾਡਾ ਕੋਈ ਫਾਇਦਾ ਨਹੀਂ ਹੋਣ ਵਾਲਾ। ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਪੰਜਾਬ 'ਚੋਂ ਲੜ ਰਹੇ ਹਨ ਜਾਂ ਫਿਰ ਨਹੀਂ।
ਸ਼ਹੀਦਾਂ ਲਈ ਦੋ ਮਿੰਟ ਦਾ ਮੋਨ: ਭਾਸ਼ਣ ਦੇਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਉੜੀ ਸੈਕਟਰ 'ਚ ਹੋਏ ਹਮਲੇ ਦੌਰਾਨ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲਿਆਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਰੱਖਿਆ। ਧਰਨੇ ਨੂੰ ਕਾਂਗਰਸ ਜਨਰਲ ਸਕੱਤਰ ਤੇ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ ਆਸ਼ਾ ਕੁਮਾਰੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨਾਂ 'ਚ ਪ੍ਰਤਾਪ ਸਿੰਘ ਬਾਜਵਾ ਤੇ ਮੋਹਿੰਦਰ ਸਿੰਘ ਕੇ ਪੀ ਨੇ ਵੀ ਸੰਬੋਧਨ ਕੀਤਾ, ਜਦਕਿ ਹੋਰਨਾਂ ਤੋਂ ਇਲਾਵਾ ਵਿਧਾਇਕ ਸੁੰਦਰ ਸ਼ਾਮ ਅਰੋੜਾ, ਰਜਨੀਸ਼ ਬੱਬੀ, ਸੰਗਤ ਸਿੰਘ ਗਿਲਜੀਆਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਵਨ ਆਦਿਆ, ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਲਾਲੀ, ਡਾ. ਰਾਜ ਕੁਮਾਰ ਛੱਬੇਵਾਲ ਵੀ ਮੌਜੂਦ ਰਹੇ।