ਜਾਪਾਨ 'ਚ 6.4 ਦੀ ਤੀਬਰਤਾ ਵਾਲਾ ਭੁਚਾਲ

ਟੋਕੀਓ (ਨਵਾਂ ਜ਼ਮਾਨਾ ਸਰਵਿਸ)-ਜਾਪਾਨ 'ਚ ਸ਼ੁੱਕਰਵਾਰ ਸਵੇਰੇ ਭੁਚਾਲ ਦਾ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਸਥਾਨਕ ਸਮੇਂ ਅਨੁਸਾਰ ਇਹ ਭੁਚਾਲ ਸਵੇਰੇ 9 ਵੱਜ ਕੇ 14 ਮਿੰਟ 'ਤੇ ਆਇਆ। ਅਮਰੀਕੀ ਭੂ-ਵਿਗਿਆਨ ਸਰਵੇ ਅਨੁਸਾਰ ਭੁਚਾਲ ਦਾ ਝਟਕਾ ਜਾਪਾਨ ਦੇ ਦੱਖਣ-ਪੂਰਬ 'ਚ ਸਥਿਤ ਕਾਟਸੁਰਾ 'ਚ ਮਹਿਸੂਸ ਕੀਤਾ ਗਿਆ। ਭੁਚਾਲ ਕਾਰਨ ਸੁਨਾਮੀ ਆਉਣ ਦਾ ਕੋਈ ਖ਼ਤਰਾ ਨਹੀਂ ਹੈ। ਜਾਪਾਨ ਦੇ ਮੌਸਮ ਵਿਭਾਗ ਅਨੁਸਾਰ ਭੁਚਾਲ ਤੋਂ ਬਾਅਦ ਸਮੁੰਦਰ 'ਚ ਪਾਣੀ ਦੇ ਪੱਧਰ 'ਚ ਕੋਈ ਤਬਦੀਲੀ ਨਹੀਂ ਦੇਖੀ ਗਈ। ਭÎੁਚਾਲ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਭੁਚਾਲ ਦਾ ਕੇਂਦਰ ਬਿੰਦੂ 226 ਕਿਲੋਮੀਟਰ ਦੂਰ ਦੱਖਣ-ਪੂਰਬ 'ਚ ਸਮੁੰਦਰ 'ਚ 10 ਕਿਲੋਮੀਟਰ ਹੇਠਾਂ ਸੀ। ਭੁਚਾਲ ਦੇ ਲਿਹਾਜ਼ ਨਾਲ ਜਾਪਾਨ ਸਭ ਤੋਂ ਖ਼ਤਰਨਾਕ ਖੇਤਰ ਹੈ। ਇਥੇ ਭੁਚਾਲ ਦਾ ਕਾਰਨ ਬਣਨ ਵਾਲੀਆ ਚਾਰ ਟੈਕਟਾਨਿਕ ਪਲੇਟਾਂ ਆਪਸ 'ਚ ਮਿਲਦੀਆ ਹਨ। ਇਸੇ ਕਾਰਨ ਉਥੇ ਅਕਸਰ ਭੁਚਾਲ ਆਉਂਦੇ ਰਹਿੰਦੇ ਹਨ। ਸਾਲ 2011 'ਚ ਜਾਪਾਨ 'ਚ ਜ਼ਬਰਦਸਤ ਭੁਚਾਲ ਆਇਆ ਸੀ, ਜਿਸ ਕਾਰਨ 18 ਹਜ਼ਾਰ ਲੋਕ ਮਾਰੇ ਗਏ ਸਨ ਅਤੇ ਕਈ ਹਜ਼ਾਰ ਲੋਕ ਲਾਪਤਾ ਹੋ ਗਏ ਸਨ। ਇਹ ਭੁਚਾਲ ਏਨਾ ਜ਼ਬਰਦਸਤ ਸੀ ਕਿ ਇਸ ਨਾਲ ਜਾਪਾਨ ਦੇ ਤਿੰਨ ਪ੍ਰਮਾਣੂ ਰਿਐਕਟਰ ਤਬਾਹ ਹੋ ਗਏ ਸਨ।