ਰਾਫੇਲ ਸੌਦਾ ਪੱਕਾ, 2019 ਤੋਂ ਮਿਲਣਗੇ ਜੰਗੀ ਜਹਾਜ਼


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਫ਼ਰਾਂਸ ਵਿਚਾਲੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ 36 ਰਾਫ਼ੇਲ ਲੜਾਕੂ ਜਹਾਜ਼ਾਂ ਦਾ ਸੌਦਾ ਸਿਰੇ ਚੜ੍ਹ ਗਿਆ ਹੈ। ਇਹ ਸੌਦਾ 7.88 ਅਰਬ ਯੂਰੋ (ਕਰੀਬ 58883 ਕਰੋੜ) ਦਾ ਹੋਇਆ ਹੈ। ਰੱਖਿਆ ਮੰਤਰੀ ਮਨੋਹਰ ਪਰਿਕਰ ਅਤੇ ਫ਼ਰਾਂਸ ਦੇ ਰੱਖਿਆ ਮੰਤਰੀ ਜਿਆ ਈਵਜ਼ ਲਾ ਦ੍ਰਿਆਨ ਨੇ ਇਸ ਸਮਝੌਤੇ 'ਤੇ ਦਸਤਖਤ ਕੀਤੇ। ਮੌਜੂਦਾ ਸਮਝੌਤੇ 'ਚ 50 ਫ਼ੀਸਦੀ ਦੀ ਹਾਫਸੈੱਟ ਮੱਦ ਵੀ ਰੱਖੀ ਗਈ ਹੈ, ਜਿਸ ਦਾ ਅਰਥ ਇਹ ਹੈ ਕਿ ਭਾਰਤੀ ਕੰਪਨੀਆਂ ਨੂੰ ਇਸ ਸੌਦੇ ਨਾਲ ਘੱਟੋ-ਘੱਟ 3 ਅਰਬ ਯੂਰੋ (22406 ਕਰੋੜ) ਦਾ ਕਾਰੋਬਾਰ ਮਿਲੇਗਾ। ਇਹਨਾਂ ਲੜਾਕੂ ਜਹਾਜ਼ਾਂ ਦੀ ਖੂਬੀ ਇਹਨਾਂ 'ਤੇ ਲੱਗੀਆਂ ਅਤਿ-ਆਧੁਨਿਕ ਮਿਜ਼ਾਈਲਾਂ ਹਨ। ਇਹਨਾਂ ਜਹਾਜ਼ਾਂ ਉਪਰ ਬੀ ਵੀ ਆਰ ਮਾਰਟਰ ਅਤੇ ਸਕੈਲਪ ਮਿਜ਼ਾਈਲਾਂ ਫਿੱਟ ਹੋਣਗੀਆਂ। ਮਾਰਟਰ ਮਿਜ਼ਾਈਲ ਹਵਾ ਤੋਂ ਹਵਾ 'ਚ 150 ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਫੁੰਡ ਸਕਦੀਆਂ ਹਨ। ਇਹ ਮਿਜ਼ਾਈਲਾਂ ਭਾਰਤੀ ਹਵਾਈ ਖੇਤਰ 'ਚ ਰਹਿੰਦਿਆਂ ਪਾਕਿਸਤਾਨ ਦੇ ਅੰਦਰ ਤੱਕ ਅਤੇ ਉਤਰ-ਪੂਰਬੀ ਸਰਹੱਦਾਂ ਤੱਕ ਨਿਸ਼ਾਨਾ ਫੁੰਡ ਸਕਦੀਆਂ ਹਨ। ਕਾਰਗਿਲ ਜੰਗ ਵੇਲੇ ਪਾਕਿਸਤਾਨ ਕੋਲ ਅਜਿਹੀ ਸਮਰੱਥਾ ਵਾਲੀਆਂ ਮਿਜ਼ਾਈਲਾਂ ਨਹੀਂ ਸਨ, ਪਰ ਉਸ ਨੇ ਲੜਾਕੂ ਜਹਾਜ਼ਾਂ ਤੋਂ 80 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਬੀ ਵੀ ਆਰ ਮਿਜ਼ਾਈਲ ਖ਼ਰੀਦ ਲਈ ਸੀ, ਪਰ ਹੁਣ ਮਾਰਟਰ ਨੇ ਹਵਾਈ ਖੇਤਰ 'ਚ ਸ਼ਕਤੀ ਸੰਤੁਲਨ ਬਦਲਦਿਆ ਭਾਰਤ ਦਾ ਪੱਲੜਾ ਭਾਰੀ ਕਰ ਦਿੱਤਾ ਹੈ। ਸਕੈਲਪ ਲੰਮੀ ਦੂਰੀ ਦੀ ਹਵਾ ਤੋਂ ਜ਼ਮੀਨ 'ਚ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਹੈ, ਜਿਸ ਦੀ ਮਾਰ ਕਰਨ ਦੀ ਸਮਰੱਥਾ 300 ਕਿਲੋਮੀਟਰ ਦੀ ਦੂਰੀ ਤੱਕ ਹੈ। ਇਸ ਨਾਲ ਭਾਰਤੀ ਹਵਾਈ ਫ਼ੌਜ ਦੇ ਦੁਸ਼ਮਣ 'ਤੇ ਭਾਰੀ ਪੈਣ 'ਚ ਮਦਦ ਮਿਲੇਗੀ।
ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਖ਼ਰੀਦ ਵਿੱਚ ਯੂ ਪੀ ਏ ਸਰਕਾਰ ਦੇ ਕਾਰਜਕਾਲ ਦੀ ਕੀਮਤ ਦੇ ਮੁਕਾਬਲੇ ਮੌਜੂਦਾ ਸਰਕਾਰ ਨੇ 75 ਕਰੋੜ ਯੂਰੋ ਬਚਾਏ ਹਨ। ਇਸ ਸੌਦੇ ਨਾਲ ਭਾਰਤੀ ਕੰਪਨੀਆਂ ਨੂੰ ਘੱਟੋ-ਘੱਟ ਤਿੰਨ ਅਰਬ ਯੂਰੋ ਦਾ ਕਾਰੋਬਾਰ ਮਿਲ ਸਕੇਗਾ ਅਤੇ ਰੁਜ਼ਗਾਰ ਦੇ ਸੈਂਕੜੇ ਮੌਕੇ ਪੈਦਾ ਕੀਤੇ ਜਾ ਸਕਣਗੇ। ਰਫੇਲ ਲੜਾਕੂ ਜਹਾਜ਼ਾਂ ਦੀ ਸਪਲਾਈ 36 ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗੀ ਅਤੇ ਸਾਰੇ ਜਹਾਜ਼ਾਂ ਦੀ ਸਪਲਾਈ ਦੇ ਅਮਲ ਨੂੰ 66 ਮਹੀਨਿਆਂ ਵਿੱਚ ਪੂਰਾ ਕਰਨਾ ਹੋਵੇਗਾ। ਪਿਛਲੇ ਵੀਹ ਸਾਲਾਂ ਵਿੱਚ ਲੜਾਕੂ ਜਹਾਜ਼ਾਂ ਦੀ ਖ਼ਰੀਦ ਦਾ ਇਹ ਪਹਿਲਾ ਸੌਦਾ ਹੈ।
ਰਫੇਲ ਲੜਾਕੂ ਜਹਾਜ਼ ਹਵਾਈ ਲੜਾਈ ਵਿੱਚ ਇਕ ਅਤਿ-ਆਧੁਨਿਕ ਹਥਿਆਰ ਮੰਨਿਆ ਜਾਂਦਾ ਹੈ, ਜਿਸ ਉੱਪਰ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਆਧੁਨਿਕ ਹਥਿਆਰ ਪ੍ਰਣਾਲੀ ਤੋਂ ਇਲਾਵਾ ਅਤਿ-ਆਧੁਨਿਕ ਮਿਜ਼ਾਇਲ ਵੀ ਫਿਟ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਜਹਾਜ਼ ਕੋਈ ਡੇਢ ਸੌ ਕਿਲੋਮੀਟਰ ਦੀ ਦੂਰੀ ਤੱਕ ਵੀ ਨਜ਼ਰਾਂ ਤੋਂ ਪਰ੍ਹੇ ਰਹਿ ਸਕਦਾ ਹੈ, ਜਦਕਿ ਕਾਰਗਿਲ ਯੁੱਧ ਦੌਰਾਨ ਭਾਰਤ ਵੱਲੋਂ ਪੰਜਾਹ ਕਿਲੋਮੀਟਰ ਤੱਕ ਝਕਾਨੀ ਦੇਣ ਵਾਲੇ ਜਹਾਜ਼ ਵਰਤੇ ਗਏ ਸਨ। ਰਫੇਲ ਜਹਾਜ਼ਾਂ ਦੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਨਾਲ ਭਾਰਤ ਦੀ ਹਵਾਈ ਸਮਰੱਥਾ ਵਿੱਚ ਇੱਕ ਨਵਾਂ ਅਧਿਆਇ ਜੁੜ ਜਾਵੇਗਾ।
ਭਾਰਤ ਦੇ ਗਵਾਂਢੀ ਮੁਲਕਾਂ ਪਾਕਿਸਤਾਨ ਅਤੇ ਚੀਨ ਕੋਲ ਰਾਫ਼ੇਲ ਦੇ ਮੁਕਾਬਲੇ ਦੇ ਲੜਾਕੂ ਜਹਾਜ਼ ਨਹੀਂ ਹਨ।