ਨਵਾਂ ਜ਼ਮਾਨਾ' ਆਪਣੀ ਸਿਹਤਮੰਦ ਪ੍ਰੰਪਰਾ ਨੂੰ ਬਰਕਰਾਰ ਰੱਖੇਗਾ : ਨੌਨਿਹਾਲ, ਸ਼ੁਗਲੀ 'ਨਵਾਂ ਜ਼ਮਾਨਾ' ਦੀ ਨਵੀਂ ਪ੍ਰਿੰਟਿੰਗ ਮਸ਼ੀਨ ਦਾ ਉਦਘਾਟਨ

ਜਲੰਧਰ (ਨਵਾਂ ਜ਼ਮਾਨਾ ਸਰਵਿਸ)
'ਨਵਾਂ ਜ਼ਮਾਨਾ' ਪਰਵਾਰ ਦਾ ਘੇਰਾ ਵੱਡਾ ਹੋਵੇਗਾ, ਇਸ ਵਿੱਚ ਕੋਈ ਸ਼ੱਕ ਨਹੀਂ ਸੀ, ਪਰ ਇਹ ਏਨਾ ਵਸੀਹ ਹੋਵੇਗਾ, ਇਸ ਦਾ ਅਹਿਸਾਸ ਨਹੀਂ ਸੀ। ਇਸ ਦਾ ਪਤਾ ਮਸ਼ੀਨਰੀ ਫੰਡ ਲਈ ਜਾਰੀ ਕੀਤੀ ਗਈ ਅਪੀਲ ਨੂੰ ਮਿਲੇ ਹੁੰਗਾਰੇ ਤੋਂ ਲੱਗਾ। ਇਸ ਪਰਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਮਾਈ 'ਚੋਂ ਪਾਏ ਗਏ ਯੋਗਦਾਨ ਨਾਲ ਖਰੀਦੀ ਗਈ ਨਵੀਂ ਪ੍ਰਿੰਟਿੰਗ ਮਸ਼ੀਨ ਦਾ ਉਦਘਾਟਨ ਕਰਦਿਆਂ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇੱਕ ਅਜਿਹੇ ਮਾਣਮੱਤੇ ਪਰਵਾਰ ਦਾ ਅੰਗ ਹਾਂ।' ਇਹ ਗੱਲ 'ਨਵਾਂ ਜ਼ਮਾਨਾ' ਦੀ ਨਵੀਂ ਪ੍ਰਿੰਟਿੰਗ ਮਸ਼ੀਨ ਦਾ ਉਦਘਾਟਨ ਕਰਦਿਆਂ 'ਨਵਾਂ ਜ਼ਮਾਨਾ' ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਨੇ ਕਹੀ।
ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਇਸ ਮੌਕੇ ਕਿਹਾ ਕਿ ਮਸ਼ੀਨਰੀ ਫੰਡ ਲਈ ਜੋ ਆਪ-ਮੁਹਾਰਾ ਹੁੰਗਾਰਾ 'ਨਵਾਂ ਜ਼ਮਾਨਾ' ਦੇ ਸਨੇਹੀਆਂ ਨੇ ਭਰਿਆ ਹੈ, ਉਸ ਨਾਲ ਸਾਡੀ ਇਹ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਅਸੀਂ ਇਸ ਅਖਬਾਰ ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾਈਏ। ਉਨ੍ਹਾ ਕਿਹਾ ਕਿ 'ਨਵਾਂ ਜ਼ਮਾਨਾ' ਸਿਰਫ ਅਖਬਾਰ ਨਹੀਂ, ਸਗੋਂ ਦੇਸ਼ ਦਾ ਇੱਕ ਰੌਸ਼ਨ ਮਿਨਾਰ ਹੈ, ਜਿਸ ਨੇ ਔਖੇ ਸਮਿਆਂ 'ਚ ਸਹੀ ਅਗਵਾਈ ਦਿੰਦਿਆਂ ਦੇਸ਼ ਦੀ ਏਕਤਾ, ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪੂਰੀ ਨਿਡਰਤਾ ਨਾਲ ਪਾਇਆ।
ਹੱਥੀਂ ਕਿਰਤ ਕਰਕੇ ਖਾਣ ਵਾਲਿਆਂ ਦੀ ਤਰਜਮਾਨੀ ਕਰਦਾ ਇਹ ਅਖਬਾਰ ਆਪਣੀ ਸਿਹਤਮੰਦ ਪ੍ਰੰਪਰਾ ਨੂੰ ਅੱਗੋਂ ਵੀ ਜਾਰੀ ਰੱਖੇਗਾ ਅਤੇ ਉਨ੍ਹਾਂ ਉਮੀਦਾਂ 'ਤੇ ਖਰਾ ਉਤਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੇਗਾ, ਜਿਹੜੀਆਂ ਉਮੀਦਾਂ ਰੱਖ ਕੇ ਇਸ ਦੇ ਸਨੇਹੀਆਂ ਨੇ ਮਸ਼ੀਨਰੀ ਫੰਡ 'ਚ ਯੋਗਦਾਨ ਪਾਇਆ ਹੈ।
ਇਸ ਮੌਕੇ 'ਨਵਾਂ ਜ਼ਮਾਨਾ' ਦੇ ਸੰਪਾਦਕ ਜਤਿੰਦਰ ਪਨੂੰ ਨੇ ਸਮੁੱਚੇ ਟਰੱਸਟੀਆਂ ਦਾ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਸਨੇਹੀਆਂ ਨੇ ਮਸ਼ੀਨਰੀ ਫੰਡ ਲਈ ਵਧ-ਚੜ੍ਹ ਕੇ ਹਿੱਸਾ ਪਾਇਆ ਹੈ, ਉਨ੍ਹਾਂ ਵਾਸਤੇ ਧੰਨਵਾਦ ਦਾ ਲਫਜ਼ ਬਹੁਤ ਛੋਟਾ ਪੈ ਜਾਂਦਾ ਹੈ। ਉਨ੍ਹਾ ਆਸ ਪ੍ਰਗਟਾਈ ਕਿ ਇਨ੍ਹਾਂ ਸਨੇਹੀਆਂ ਦਾ ਸਾਥ 'ਨਵਾਂ ਜ਼ਮਾਨਾ' ਨੂੰ ਅੱਗੋਂ ਵੀ ਮਿਲਦਾ ਰਹੇਗਾ।
ਇਸ ਮੌਕੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਕਾਮਰੇਡ ਅੰਮ੍ਰਿਤ ਲਾਲ, ਕਾਮਰੇਡ ਮਨੋਹਰ ਲਾਲ, ਜਗਰੂਪ ਸਿੰਘ, ਸਵਰਨ ਸਿੰਘ ਅਕਲਪੁਰੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਚੰਦ ਫਤਿਹਪੁਰੀ, ਗੁਰਮੀਤ ਤੇ ਐਡਵੋਕੇਟ ਰਾਜਿੰਦਰ ਮੰਡ (ਸਾਰੇ ਟਰੱਸਟੀ) ਹਾਜ਼ਰ ਸਨ।