ਦੋਹੀਂ ਹੱਥੀਂ ਲੁੱਟਿਆ ਜਾ ਰਿਹੈ ਪੰਜਾਬ ਨੂੰ : ਭੱਠਲ


ਸੁਨਾਮ ਊਧਮ ਸਿੰਘ ਵਾਲਾ (ਜੰਗੀਰ ਸਿੰਘ ਸੁਤੰਤਰ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਨ ਸੰਪਰਕ ਮੁਹਿੰਮ ਅਤੇ ਕਾਂਗਰਸ ਲਿਆਓ ਪੰਜਾਬ ਬਚਾਓ ਤਹਿਤ ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕਾਂ ਨਾਲ ਰਾਬਤਾ ਬਣਾਉਣ ਲਈ ਪ੍ਰੋਗਰਾਮਾਂ ਅਧੀਨ ਵਿਧਾਨ ਸਭਾ ਹਲਕਾ ਸੁਨਾਮ ਦੀ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ ਲੱਗੀ ਹੋਈ ਹੈ, ਇੱਕ ਪਾਸੇ ਤਾਂ ਬਾਦਲ ਵੱਲੋਂ ਸੂਬੇ ਦੇ ਵਿਕਾਸ ਦੇ ਨਾਂਅ 'ਤੇ ਪੈਸਾ ਲਿਆ ਜਾ ਰਿਹਾ ਹੈ, ਦੂਜੇ ਪਾਸੇ ਸੰਗਤ ਦਰਸ਼ਨ ਦੇ ਨਾਮ 'ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ, ਕਿÀੁਂਕਿ ਅਕਾਲੀ ਲੀਡਰ ਸੰਗਤ ਦਰਸ਼ਨਾਂ ਵਿੱਚ ਐਲਾਨ ਤਾਂ ਬਹੁਤ ਕੁਝ ਕਰਦੇ ਹਨ, ਪਰ ਲੋਕਾਂ ਨੂੰ ਦਿੰਦੇ ਕੁਝ ਵੀ ਨਹੀਂ, ਜੋ ਸਿਰਫ ਚੋਣਾਂ ਨੇੜੇ ਹੋਣ ਕਾਰਨ ਸਿਰਫ ਲੋਕ ਦਿਖਾਵਾ ਹੈ, ਪਰ ਸੂਬਾ ਵਾਸੀ ਹੁਣ ਇਨ੍ਹਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ। ਇਸ ਸਰਕਾਰ ਦੇ ਕਾਰਜਕਾਲ ਅੰਦਰ ਕਿਸਾਨੀ, ਜੁਆਨੀ, ਦੁਕਾਨਦਾਰ, ਪੱਲੇਦਾਰ, ਟਰਾਂਸਪੋਰਟ, ਡਾਕਟਰ, ਮਾਸਟਰ, ਮਜ਼ਦੂਰ, ਆਂਗਣਵਾੜੀ ਵਰਕਰਾਂ ਤੋਂ ਇਲਾਵਾ ਸੂਬੇ ਦਾ ਹਰ ਵਰਗ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ ਹਰ ਰੋਜ਼ ਧਰਨੇ ਲੱਗ ਰਹੇ ਹਨ, ਪਰ ਸਰਕਾਰ ਧਰਨਾਕਾਰੀਆਂ ਦੀਆਂ ਮੁਸ਼ਿਕਲਾਂ ਹੱਲ ਕਰਨ ਦੀ ਬਜਾਇ ਡਾਂਗਾਂ ਨਾਲ ਉਨ੍ਹਾਂ ਦਾ ਸਵਾਗਤ ਕਰਕੇ 'ਰਾਜ ਨਹੀਂ ਸੇਵਾ' ਦਾ ਦਾਅਵਾ ਪੂਰਾ ਕਰ ਰਹੀ ਹੈ।
ਇਸ ਮੌਕੇ ਕਾਂਗਰਸੀ ਵਰਕਰਾਂ ਨਾਲ ਹੋਈ ਇਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਲੋਕਾਂ ਨੂੰ ਸੰਬੋਧਨ ਕਰਦਿਆਂ ਬੀਬੀ ਭੱਠਲ ਨੇ ਪਾਰਟੀ ਦੀਆਂ ਪੰਜਾਬ ਬਚਾਓ ਕਾਰਵਾਈਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਗਰੀਬ ਵਰਗ ਨੂੰ ਕਣਕ ਅਤੇ ਦਾਲ ਤੋਂ ਇਲਾਵਾ ਚੀਨੀ ਅਤੇ ਚਾਹ ਪੱਤੀ ਵੀ ਮੁਫਤ ਦਿੱਤੀ ਜਾਵੇਗੀ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ, ਕਿਉਂਕਿ ਆਪ ਪੰਜਾਬ ਵਿਰੋਧੀ ਹੈ ਅਤੇ ਦਿੱਲੀ ਵਾਂਗੂੰ ਲੋਕਾਂ ਨੂੰ ਬੜੇ ਸਬਜ਼ਬਾਗ ਦਿਖਾ ਰਹੀ ਹੈ, ਪਰ ਲੋਕ ਹੁਣ ਇਨ੍ਹਾਂ ਦੀ ਅਸਲੀਅਤ ਜਾਣ ਚੁੱਕੇ ਹਨ ਅਤੇ ਇਨ੍ਹਾਂ ਦੇ ਵਲੇਵੇਂ ਵਿੱਚ ਨਹੀਂ ਆਉਣਗੇ। ਉਨ੍ਹਾਂ ਸੂਬਾ ਵਾਸੀਆਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਲੋਟੂ ਟੋਲੇ ਨੂੰ ਚੱਲਦਾ ਕਰਕੇ ਇੱਕ ਨਵੇਂ ਪੰਜਾਬ ਦੀ ਸਿਰਜਨਾ ਕੀਤੀ ਜਾਵੇ। ਇਸ ਮੌਕੇ ਵਿਧਾਇਕ ਮੁਹੰਮਦ ਸਦੀਕ ਅਤੇ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਬੀਤੇ 9 ਸਾਲਾਂ ਵਿੱਚ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਕੰਗਾਲ ਬਣਾ ਕੇ ਰੱਖ ਦਿੱਤਾ ਹੈ।
ਇਸ ਮੌਕੇ ਵਿਧਾਇਕ ਮੁਹੰਮਦ ਸਦੀਕ ਅਤੇ ਅਜੀਤ ਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਮੈਡਮ ਗੀਤਾ ਸ਼ਰਮਾ, ਨਵਦੀਪ ਸਿੰਘ ਮੋਖਾ, ਰਾਜਿੰਦਰ ਦੀਪਾ, ਸੰਜੇ ਗੋਇਲ, ਹਰਿੰਦਰ ਸਿੰਘ ਲਖਮੀਰਵਾਲਾ, ਦਮਨ ਥਿੰਦ ਬਾਜਵਾ, ਗੁਰਦੀਪ ਸਿੰਘ ਰਿੰਪਲ, ਮੁਨੀਸ਼ ਸੋਨੀ, ਜਸਵੰਤ ਸਿੰਘ, ਮੁਲਖਾ ਸਿੰਘ ਕੁੰਨਰਾ, ਡਾ. ਅਮਿਤ ਸ਼ਰਮਾ, ਜਗਦੇਵ ਸਿੰਘ ਫੌਜੀ, ਰਮੇਸ਼ ਸ਼ਰਮਾ, ਰਾਜਿੰਦਰ ਸਿੰਘ ਸੰਘਰੇੜੀ, ਸਾਗਰ ਗਰਗ, ਪਰਮਾ ਨੰਦ, ਅਜੈਬ ਸਿੰਘ ਸੱਗੂ, ਗੁਰੀ ਭੱਠਲ, ਅਜੈਬ ਸਿੰਘ ਸੰਧੂ ਅਤੇ ਮਨਪ੍ਰੀਤ ਬਾਂਸਲ ਆਦਿ ਕਾਗਰਸੀ ਲੀਡਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।