ਰਿਸ਼ਵਤ ਦੇ ਦੋਸ਼ਾਂ ਨੇ ਨਿਗਲਿਆ ਪੂਰਾ ਟੱਬਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਿਸ਼ਵਤ ਮਾਮਲੇ 'ਚ ਸੀ ਬੀ ਆਈ ਜਾਂਚ ਦਾ ਸਾਹਮਣਾ ਕਰ ਰਹੇ ਕਾਰਪੋਰੇਟ ਮਾਮਲਿਆਂ ਮੰਤਰਾਲੇ 'ਚ ਡੀ ਜੀ ਦੇ ਅਹੁਦੇ 'ਤੇ ਰਹੇ ਬੀ ਕੇ ਬਾਂਸਲ ਅਤੇ ਉਨ੍ਹਾ ਦੇ ਪੁੱਤਰ ਨੇ ਅੱਜ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਬਾਂਸਲ 'ਤੇ ਇੱਕ ਦੁਆਈ ਕੰਪਨੀ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਸੀ ਬੀ ਆਈ ਜਾਂਚ ਚੱਲ ਰਹੀ ਸੀ ਅਤੇ ਇਸ ਮਾਮਲੇ 'ਚ ਉਨ੍ਹਾ ਨੂੰ ਜੁਲਾਈ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਦੋ ਦਿਨ ਮਗਰੋਂ ਉਨ੍ਹਾ ਦੀ ਪਤਨੀ ਸਤਿਆ ਬਾਲਾ ਬਾਂਸਲ ਅਤੇ ਧੀ ਨੇਹਾ ਨੇ ਘਰ 'ਚ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ ਸੀ। ਅੱਜ ਬਾਂਸਲ ਅਤੇ ਉਨ੍ਹਾ ਦੇ ਪੁੱਤਰ ਵੱਲੋਂ ਖੁਦਕੁਸ਼ੀ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ।
ਬਤੌਰ ਡੀ ਜੀ ਤਾਇਨਾਤ ਬਾਂਸਲ ਨੂੰ ਜੁਲਾਈ 'ਚ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਇੱਕ ਦਵਾਈ ਕੰਪਨੀ ਤੋਂ 9 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਫੜ ਲਿਆ ਗਿਆ ਸੀ। ਉਨ੍ਹਾ 'ਤੇ ਇਸ ਮਾਮਲੇ 'ਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ ਅਤੇ ਪਹਿਲੀ ਕਿਸ਼ਤ 'ਚ 11 ਲੱਖ ਰੁਪਏ ਉਹ ਪਹਿਲਾਂ ਹੀ ਲੈ ਚੁੱਕੇ ਸਨ। ਸੀ ਬੀ ਆਈ ਨੇ ਬਾਂਸਲ ਦੇ ਦਿੱਲੀ ਦੇ 6 ਅਤੇ ਮੁੰਬਈ ਦੇ 2 ਟਿਕਾਣਿਆਂ 'ਤੇ ਛਾਪੇ ਮਾਰ ਕੇ ਇਤਰਾਜ਼ਯੋਗ ਚੀਜ਼ਾਂ ਦੇ ਨਾਲ-ਨਾਲ 54 ਲੱਖ ਰੁਪਏ ਬਰਾਮਦ ਕਰਨ ਦਾ ਦਾਅਦਾ ਕੀਤਾ ਸੀ। ਬਾਂਸਲ 'ਤੇ ਇਸ ਮਾਮਲੇ 'ਚ ਕੇਸ ਚੱਲ ਰਿਹਾ ਸੀ ਅਤੇ ਉਨ੍ਹਾ ਨੂੰ ਬੀਤੀ 30 ਅਗਸਤ ਨੂੰ ਪਟਿਆਲਾ ਹਾਊਸ ਅਦਾਲਤ ਦੇ ਹੁਕਮ 'ਤੇ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਬਾਂਸਲ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਰਿਸ਼ਵਤ ਮਾਮਲੇ 'ਚ ਫਸਣ ਮਗਰੋਂ ਬਾਂਸਲ ਅਤੇ ਉਨ੍ਹਾ ਦਾ ਪਰਵਾਰ ਕਾਫ਼ੀ ਦਬਾਅ 'ਚ ਸੀ ਅਤੇ ਇਸ ਦਬਾਅ ਕਾਰਨ ਉਨ੍ਹਾਂ ਦੀ ਪਤਨੀ ਅਤੇ ਪੁੱਤਰੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਅੱਜ ਬਾਂਸਲ ਅਤੇ ਉਨ੍ਹਾ ਦੇ ਪੁੱਤਰ ਨੇ ਜ਼ਹਿਰ ਖਾ ਕੇ ਜੀਵਨ-ਲੀਲ੍ਹਾ ਖ਼ਤਮ ਕਰ ਲਈ।
ਰਿਸ਼ਵਤ ਮਾਮਲੇ 'ਚ ਬਾਂਸਲ ਨੂੰ ਜੇਲ੍ਹ ਜਾਣਾ ਪਿਆ, ਜਿਸ ਕਰਕੇ ਉਨ੍ਹਾ ਦੀ ਬਹੁਤ ਬਦਨਾਮੀ ਹੋਈ। ਉਨ੍ਹਾ ਦੀ ਪਤਨੀ ਅਤੇ ਪੁੱਤਰੀ ਨੇ ਆਪਣੇ ਖੁਦਕੁਸ਼ੀ ਨੋਟ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਨ੍ਹਾ ਦੀ ਪਤਨੀ ਅਤੇ ਪੁੱਤਰੀ ਨੇ ਵੱਖ-ਵੱਖ ਖੁਦਕੁਸ਼ੀ ਨੋਟ ਲਿਖੇ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਸੀ ਬੀ ਆਈ ਦੇ ਛਾਪੇ ਨਾਲ ਪਰਵਾਰ ਦੀ ਬਹੁਤ ਬਦਨਾਮੀ ਹੋਈ, ਜਿਸ ਕਰਕੇ ਉਹ ਜੀਣਾ ਨਹੀਂ ਚਾਹੁੰਦੇ। ਦੋਵਾਂ ਨੇ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ।