ਸੁਖਬੀਰ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਦੀ ਨੂੰ ਦਿੱਤੀ ਵਧਾਈ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜਵਾਂ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੇਹੱਦ ਦਲੇਰੀ ਵਾਲਾ ਕਦਮ ਚੁੱਕਦੇ ਹੋਏ ਜੋ ਸਰਜੀਕਲ ਅਪਰੇਸ਼ਨ ਕੀਤਾ ਹੈ, ਉਸ ਤੋਂ ਸਾਰਿਆਂ ਨੂੰ ਸਪੱਸ਼ਟ ਸੰਕੇਤ ਹੋ ਗਿਆ ਹੈ ਕਿ ਭਾਰਤ ਨਾਲ ਜਿਹੜਾ ਦੇਸ਼ ਜਿਸ ਤਰ੍ਹਾਂ ਦਾ ਵਿਹਾਰ ਕਰੇਗਾ, ਉਸ ਨੂੰ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਾਵੇਗਾ।
ਅੱਜ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ 'ਤੇ ਇਸਾਈ ਭਾਈਚਾਰੇ ਨੂੰ ਵਧਾਈ ਦੇਣ ਸੰਬੰਧੀ ਅੰਮ੍ਰਿਤਸਰ ਵਿਖੇ ਰਾਜ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕੀਤਾ ਗਿਆ। ਇਸੇ ਦੌਰਾਨ ਹਵਾਈ ਅੱਡਾ ਰੋਡ 'ਤੇ ਮਦਰ ਟੈਰੇਸਾ ਦੇ ਬੁੱਤ ਤੋਂ ਪਰਦਾ ਹਟਾਉਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਦਰ ਟੈਰੇਸਾ ਨੇ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਹੈ, ਉਸ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਸਮੁੱਚੀ ਕੈਬਨਿਟ ਨੇ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਮਿਲਣ ਦੀ ਖੁਸ਼ੀ ਵਿੱਚ ਇਹ ਰਾਜ ਪੱਧਰੀ ਸਮਾਗਮ ਕਰਵਾਇਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮਦਰ ਟੈਰੇਸਾ ਲਈ ਸੰਤ ਦੀ ਉਪਾਧੀ ਲੈਣ ਵਾਸਤੇ ਕੇਂਦਰ ਸਰਕਾਰ ਦੀ ਤਰਫ਼ੋਂ ਹਰਸਿਮਰਤ ਕੌਰ ਬਾਦਲ ਨੂੰ ਵੈਟੀਕਨ ਸਿਟੀ ਭੇਜਿਆ ਗਿਆ ਸੀ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਅੰਮ੍ਰਿਤਸਰ ਤੋਂ ਰਾਜਾਸਾਂਸੀ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਂਅ ਮਦਰ ਟੈਰੇਸਾ ਦੇ ਨਾਂਅ 'ਤੇ ਰੱਖਿਆ ਜਾਵੇਗਾ।
ਇਸ ਮੌਕੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਸਰਹੱਦ 'ਤੇ ਬਣੇ ਤਣਾਓ ਬਾਰੇ ਕਿਹਾ ਕਿ ਪੰਜਾਬੀ ਹਮੇਸ਼ਾ ਹਰ ਔਖੇ ਸਮੇਂ ਦੇ ਟਾਕਰੇ ਲਈ ਤਿਆਰ ਰਹਿੰਦੇ ਹਨ ਅਤੇ ਅੱਜ ਦੇ ਹਾਲਾਤ ਵਿੱਚ ਵੀ ਉਹ ਹਰ ਚੁਨੌਤੀ ਦਾ ਟਾਕਰਾ ਕਰਨ ਲਈ ਤਿਆਰ ਹਨ।
ਉਹਨਾਂ ਦੱਸਿਆ ਕਿ ਉਹਨਾਂ ਨੇ ਅੱਜ ਬਾਰਡਰ ਦੇ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਉਹ ਸਭ ਲੋਕ ਚੜ੍ਹਦੀ ਕਲਾ ਵਿੱਚ ਹਨ ਅਤੇ ਹਰ ਚੁਨੌਤੀ ਦਾ ਜਵਾਬ ਦੇਣ ਲਈ ਉਤਸੁਕ ਹਨ। ਬੀਬੀ ਬਾਦਲ ਨੇ ਇਸ ਸੰਬੰਧੀ ਆਪਣੇ ਅਨੁਭਵ ਸਾਂਝਾ ਕਰਦਿਆਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਣ 'ਤੇ ਉਹ ਭਾਗਸ਼ਾਲੀ ਸਮਝਦੇ ਹਨ। ਉਹਨਾਂ ਕਿਹਾ ਕਿ ਮਦਰ ਟੈਰੇਸਾ ਨੇ ਅਜਿਹੇ ਮੌਕੇ ਲੋੜਵੰਦਾਂ ਦੀ ਮਦਦ ਕੀਤੀ, ਜਦੋਂ ਸਾਰੇ ਉਹਨਾਂ ਦਾ ਸਾਥ ਛੱਡ ਚੁੱਕੇ ਸਨ। ਉਹਨਾਂ ਕਿਹਾ ਕਿ ਆਪਣੀ ਜ਼ਿੰਦਗੀ ਮਾਨਵਤਾ ਲਈ ਸਮਰਪਿਤ ਕਰ ਦੇਣ 'ਤੇ ਮਦਰ ਟੈਰੇਸਾ ਨੂੰ ਨੋਬੇਲ ਸ਼ਾਂਤੀ ਪੁਰਸਕਾਰ, ਭਾਰਤ ਰਤਨ , ਪਦਮਸ੍ਰੀ, ਰਾਸ਼ਟਰੀ ਮੈਡਲ ਆਫ਼ ਫਰੀਡਮ, ਆਡਰ ਆਫ਼ ਮੈਰਿਟ, ਵਰਗੇ ਸਨਮਾਨ ਭਾਰਤ ਤੋਂ ਇਲਾਵਾ ਵੱਖ-ਵੱਖ ਵੱਡੇ ਦੇਸ਼ਾਂ ਤੋਂ ਹਾਸਲ ਹੋਏ।
ਇਸ ਮੌਕੇ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ, ਡਾਇਓਸਿਸ ਆਫ ਪੰਜਾਬ ਬਿਸ਼ਪ ਫਰੈਂਕੋ ਮੁਲੱਕਲ, ਬਿਸ਼ਪ ਯੂਨਸ ਮਸੀਹ, ਫਾਦਰ ਪੀਟਰ ਪੀ. ਆਰ. ਓ ਪੰਜਾਬ, ਸੇਵਾ ਸਿੰਘ ਸੇਖਵਾਂ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਮੇਅਰ ਬਖਸ਼ੀ ਰਾਮ ਅਰੋੜਾ, ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਕਮਿਸ਼ਨਰ ਪੁਲਸ ਅਮਰ ਸਿੰਘ ਚਾਹਲ, ਰਾਜਮਹਿੰਦਰ ਸਿੰਘ ਮਜੀਠਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਗੁਰਪ੍ਰਤਾਪ ਸਿੰਘ ਟਿੱਕਾ, ਪ੍ਰੋ: ਸਰਚਾਂਦ ਸਿੰਘ , ਐਡਵੋਕੇਟ ਕਿਰਨਪ੍ਰੀਤ ਸਿੰਘ, ਮਗਵਿੰਦਰ ਸਿੰਘ ਖਾਪੜਖੇੜੀ, ਚੇਅਰਮੈਨ ਆਰ. ਸੀ ਯਾਦਵ, ਚੇਅਰਮੈਨ ਪੰਜਾਬ ਸਟੇਟ ਮਸੀਹੀ ਵੈੱਲਫੇਅਰ ਬੋਰਡ ਅਮਨਦੀਪ ਗਿੱਲ, ਫਾਦਰ ਥਾਮਸ, ਫਾਦਰ ਜ਼ੇਵੀਅਰ, ਫਾਦਰ ਵਿਲਸਨ ਪੀਟਰ, ਫਾਦਰ ਪਾਲ, ਫਾਦਰ ਜੌਹਨ ਗਰੇਵਾਲ, ਫਾਦਰ ਮੈਥੀਊ, ਪਾਦਰੀ ਰਾਜੂ ਮਸੀਹ ਸਕੱਤਰ ਸੀ ਐਨ ਆਈ ਚਰਚ, ਅਨਵਰ ਮਸੀਹ ਮੈਂਬਰ ਐਸ. ਐਸ ਬੋਰਡ, ਐਲਬਰਟ ਦੂਆ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ, ਯਾਕੂਬ ਮਸੀਹ ਮੈਂਬਰ ਘੱਟ ਗਿਣਤੀ ਕਮਿਸ਼ਨ, ਜੌਹਨ ਕੋਟਲੀ ਡਾਇਰੈਕਟਰ ਜੇਲ੍ਹ ਬੋਰਡ, ਰਾਜ ਕੁਮਾਰ ਮੈਂਬਰ ਪੀਸ ਕਮੇਟੀ, ਜੌਹਨਸਨ ਵੜੈਚ ਯੂਥ ਪ੍ਰੈਜ਼ੀਡੈਂਟ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ, ਬਲਵਿੰਦਰ ਜੋੜ ਬੋਰਡ ਮੈਂਬਰ, ਵਲਾਇਤ ਮਸੀਹ ਬੰਟੀ ਮੈਂਬਰ, ਡਾ. ਸਾਹਿਬ ਮਸੀਹ ਮੈਂਬਰ, ਥੌਮਸ ਕਾਹਨੂੰਵਾਨ, ਲਾਲ ਚੰਦ ਜਲੰਧਰ ਅਤੇ ਮਸੀਹੀ ਭਾਈਚਾਰੇ ਦੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।