ਭਾਰਤੀ ਫੌਜ ਵੱਲੋਂ ਸਰਜੀਕਲ ਅਪ੍ਰੇਸ਼ਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੁਣਛ ਅਤੇ ਉੜੀ 'ਚ ਹੋਏ ਅੱਤਵਾਦੀ ਹਮਲਿਆਂ 'ਚ ਭਾਰਤੀ ਫ਼ੌਜ ਦੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਾਰਤ ਨੇ ਬੀਤੀ ਰਾਤ ਪਾਕਿਸਤਾਨੀ ਸਰਹੱਦ 'ਚ ਦਾਖ਼ਲ ਹੋ ਕੇ ਕਈ ਅੱਤਵਾਦੀ ਕੈਂਪਾਂ 'ਤੇ ਹਮਲੇ ਕੀਤੇ। ਸੂਤਰਾਂ ਅਨੁਸਾਰ ਭਾਰਤੀ ਫ਼ੌਜ ਦੀ ਇਸ ਕਾਰਵਾਈ 'ਚ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ।
ਅੱਜ ਸਵੇਰੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਅਤੇ ਵਿਦੇਸ਼ ਮੰਤਰਾਲੇ ਦੇ ਸਾਂਝੇ ਪੱਤਰਕਾਰ ਸੰਮੇਲਨ 'ਚ ਇਹ ਖੁਲਾਸਾ ਕੀਤਾ ਕਿ ਭਾਰਤੀ ਫ਼ੌਜ ਨੇ ਬੁੱਧਵਾਰ ਦੇਰ ਰਾਤ ਕੰਟਰੋਲ ਰੇਖਾ ਨੂੰ ਪਾਰ ਕਰਕੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਕੈਂਪਾਂ 'ਤੇ ਸਰਜੀਕਲ ਹਮਲੇ ਕੀਤੇ।
ਪੱਤਰਕਾਰ ਸੰਮੇਲਨ 'ਚ ਡੀ ਜੀ ਐਮ ਓ ਨੇ ਦੱਸਿਆ ਕਿ ਭਾਰਤੀ ਫ਼ੌਜ ਨੂੰ ਠੋਸ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਪਾਕਿਸਤਾਨੀ ਫ਼ੌਜ ਦੀ ਮਦਦ ਨਾਲ ਭਾਰਤ 'ਚ ਘੁਸਪੈਠ ਲਈ ਤਿਆਰ ਬੈਠੇ ਹਨ। ਉਨ੍ਹਾ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਅੱਤਵਾਦੀਆਂ ਦੇ 7 ਲਾਂਚ ਪੈਡ 'ਤੇ ਹਮਲਾ ਕੀਤਾ ਗਿਆ ਅਤੇ ਇਸ ਸਾਰੀ ਕਾਰਵਾਈ 'ਚ ਤਿੰਨ ਤੋਂ 4 ਘੰਟੇ ਦਾ ਸਮਾਂ ਲੱਗਾ। ਉਨ੍ਹਾ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਪਹਿਲੀ ਵਾਰ ਕੀਤੇ ਗਏ ਇਸ ਅਪਰੇਸ਼ਨ 'ਚ ਹਵਾਈ ਫ਼ੌਜ ਦੀ ਸਹਾਇਤਾ ਨਹੀਂ ਲਈ ਗਈ ਅਤੇ ਪਾਕਿਸਤਾਨੀ ਇਲਾਕੇ 'ਚ ਕਾਰਵਾਈ ਲਈ ਭਾਰਤੀ ਫ਼ੌਜ ਵੱਲੋਂ ਆਪਣੇ ਬਿਹਤਰੀਨ ਕਮਾਂਡੋ ਭੇਜੇ ਗਏ। ਉਨ੍ਹਾ ਕਿਹਾ ਕਿ ਸਾਰੀ ਕਾਰਵਾਈ 'ਚ ਭਾਰਤ ਦੇ ਕਿਸੇ ਕਮਾਂਡੋ ਨੂੰ ਝਰੀਟ ਤੱਕ ਨਾ ਆਈ ਅਤੇ ਉਹ ਸਫ਼ਲਤਾ ਨਾਲ ਆਪਣਾ ਕੰਮ ਪੂਰਾ ਕਰਕੇ ਭਾਰਤੀ ਇਲਾਕੇ 'ਚ ਵਾਪਸ ਆ ਗਏ।
ਸੂਤਰਾਂ ਅਨੁਸਾਰ ਭਾਰਤੀ ਫ਼ੌਜ ਵੱਲੋਂ ਇਹ ਕਾਰਵਾਈ ਪਾਕਿਸਤਾਨੀ ਇਲਾਕੇ 'ਚ 500 ਮੀਟਰ ਤੋਂ ਤਿੰਨ ਕਿਲੋਮੀਟਰ ਦੇ ਇਲਾਕੇ 'ਚ ਕੀਤੀ ਗਈ ਅਤੇ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ-ਘੱਟ 35 ਅੱਤਵਾਦੀ ਮਾਰੇ ਗਏ ਅਤੇ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਇਹ ਸਾਰਾ ਅਪਰੇਸ਼ਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਨਿਗਰਾਨੀ 'ਚ ਕੀਤਾ ਗਿਆ।
ਡੀ ਜੀ ਐਮ ਓ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨੀ ਇਲਾਕੇ 'ਚੋਂ ਭਾਰਤ 'ਚ ਘੁਸਪੈਠ ਦੀਆਂ 20 ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉੜੀ ਅਤੇ ਪੁਣਛ ਹਮਲਿਆਂ 'ਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਬਹੁਤ ਸਾਰੇ ਸਬੂਤ ਹਨ ਅਤੇ ਇਹਨਾ ਹਮਲਿਆਂ 'ਚ ਅੱਤਵਾਦੀਆਂ ਤੋਂ ਮਿਲੇ ਬਹੁਤ ਸਾਰੇ ਸਾਮਾਨ 'ਤੇ ਪਾਕਿਸਤਾਨੀ ਮਾਰਕਾ ਹੈ।
ਉਨ੍ਹਾ ਕਿਹਾ ਕਿ ਭਾਰਤ ਵੱਲੋਂ ਕਈ ਵਾਰ ਇਸ ਬਾਰੇ ਪਾਕਿਸਤਾਨ ਨੂੰ ਸਬੂਤ ਸੌਂਪੇ ਗਏ, ਪਰ ਪਾਕਿਸਤਾਨ 'ਤੇ ਇਸ ਦਾ ਕੋਈ ਅਸਰ ਨਾ ਹੋਇਆ। ਉਨ੍ਹਾ ਕਿਹਾ ਕਿ ਉੜੀ ਅਤੇ ਪੁਣਛ ਹਮਲਿਆਂ ਮਾਰੇ ਗਏ ਅੱਤਵਾਦੀਆਂ ਦੇ ਡੀ ਐਨ ਏ ਸੈਂਪਲ ਤੋਂ ਪਤਾ ਚੱਲਦਾ ਹੈ ਕਿ ਉਹ ਪਾਕਿਸਤਾਨੀ ਹਨ। ਉਨ੍ਹਾ ਕਿਹਾ ਕਿ ਭਾਰਤ ਇਹ ਸੈਂਪਲ ਵੀ ਪਾਕਿਸਤਾਨ ਨੂੰ ਦੇਣ ਲਈ ਤਿਆਰ ਹੈ।
ਉਨ੍ਹਾ ਕਿਹਾ ਕਿ ਗ੍ਰਿਫ਼ਤਾਰ ਅੱਤਵਾਦੀਆਂ ਨੇ ਵੀ ਮੰਨਿਆ ਕਿ ਉਨ੍ਹਾਂ ਪਾਕਿਸਤਾਨ 'ਚ ਸਿਖਲਾਈ ਲਈ। ਉਨ੍ਹਾ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਤਿਆਰ ਹੈ। ਉਨ੍ਹਾ ਦੱਸਿਆ ਕਿ ਹੁਣ ਇਸ ਅਪਰੇਸ਼ਨ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਰੇਸ਼ਨਾਂ ਦਾ ਮਕਸਦ ਕੇਵਲ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਾ ਸੀ। ਰਣਬੀਰ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਘੁਸਪੈਠ ਦੀਆਂ 20 ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ।
ਲੈਫਟੀਨੈਂਟ ਜਨਰਲ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਪਾਕਿਸਤਾਨੀ ਫ਼ੌਜ ਦੇ ਫ਼ੌਜੀ ਅਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਅਪਰੇਸ਼ਨ ਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਫੜੇ ਗਏ ਅੱਤਵਾਦੀਆਂ ਨੇ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਨਾਲ ਆਪਣੇ ਸੰਬੰਧ ਕਬੂਲੇ ਹਨ।
ਡੀ ਜੀ ਐਮ ਓ ਨੇ ਦੱਸਿਆ ਕਿ ਸਰਜੀਕਲ ਅਪਰੇਸ਼ਨ ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਵੀ ਇਨ੍ਹਾਂ ਸਰਜੀਕਲ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।