ਗਲਤੀ ਨਾਲ ਸਰਹੱਦ ਪਾਰ ਗਏ ਜਵਾਨ ਨੂੰ ਵਾਪਸ ਲਿਆਵਾਂਗੇ : ਰਾਜਨਾਥ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਏ ਭਾਰਤੀ ਜਵਾਨ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਆਪਣੇ ਤੌਰ 'ਤੇ ਨੋਟਿਸ ਲਿਆ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਇੱਕ ਭਾਰਤੀ ਜਵਾਨ ਪਾਕਿਸਤਾਨ ਦੇ ਕਬਜ਼ੇ 'ਚ ਹੈ। ਉਨ੍ਹਾ ਕਿਹਾ ਕਿ ਜਵਾਨ ਦੀ ਰਿਹਾਈ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਜਵਾਨ ਦੀ ਸੁਰੱਖਿਅਤ ਰਿਹਾਈ ਦਾ ਮੁੱਦਾ ਪਾਕਿਸਤਾਨ ਕੋਲ ਉਠਾਵੇਗੀ।
ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ 37 ਆਰ ਆਰ ਦਾ ਹਥਿਆਰਾਂ ਨਾਲ ਲੈਸ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ। ਫੌਜੀ ਅਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲ ਨੇ ਹਾਟ ਲਈਨ ਰਾਹੀਂ ਪਾਕਿਸਤਾਨ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਜਵਾਨ ਦਾ ਸਰਹੱਦ ਪਾਰ ਕਰਨ ਦਾ ਸਰਜਰੀ ਹਮਲਿਆਂ ਨਾਲ ਕੋਈ ਸੰੰਬੰਧ ਨਹੀਂ ਹੈ। ਉਨ੍ਹਾ ਕਿਹਾ ਕਿ ਫੌਜ ਦੇ ਜਵਾਨਾਂ ਜਾਂ ਆਮ ਨਾਗਰਿਕ ਦਾ ਗਲਤੀ ਨਾਲ ਸਰੱਹਦ ਪਾਰ ਕਰਨਾ ਦੋਵੇਂ ਹੀ ਅਸਾਧਾਰਨ ਗੱਲਾਂ ਨਹੀਂ ਹਨ। ਮੌਜੂਦਾ ਪ੍ਰਕਿਰਿਆ ਤਹਿਤ ਉਸ ਨੂੰ ਸੰਬੰਧਤ ਦੇਸ਼ ਨੂੰ ਪਰਤਾ ਦਿੱਤਾ ਜਾਂਦਾ ਹੈ। ਭਾਰਤੀ ਫੌਜ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਰਹੀਆਂ ਉਨ੍ਹਾਂ ਖਬਰਾਂ ਨੂੰ ਗਲਤ ਅਤੇ ਅਧਾਰਹੀਣ ਦੱਸਦਿਆਂ ਇਸ ਨੂੰ ਖਾਰਜ ਕੀਤਾ ਹੈ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀ ਫੌਜ ਨੇ 8 ਭਾਰਤੀ ਜਵਾਨਾਂ ਨੂੰ ਮਾਰ ਦਿੱਤਾ ਹੈ ਅਤੇ ਇੱਕ ਹੋਰ ਜਵਾਨ ਨੂੰ ਕਾਬੂ ਕਰ ਲਿਆ ਹੈ।
ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਗਲਤ ਅਤੇ ਨਿਰਅਧਾਰ ਦੱਸਿਆ ਹੈ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਤੱਤਾਪਾਣੀ 'ਚ ਕੰਟਰੋਲ ਰੇਖਾ 'ਤੇ ਪਹਿਲੀ ਰੱਖਿਆ ਪੰਕਤੀ 'ਤੇ ਭਾਰਤ ਦੀ ਗੋਲੀਬਾਰੀ ਦੇ ਜਵਾਬ ਵਿੱਚ 8 ਭਾਰਤੀ ਜਵਾਨਾਂ ਨੂੰ ਮਾਰ ਦਿੱਤਾ ਗਿਆ ਹੈ, ਜਦਕਿ ਇਕ ਨੂੰ ਫੜ ਲਿਆ ਗਿਆ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸੁਰੱਿਖਆ ਮਾਮਲੇ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਸਰਹੱਦ ਪਾਰ ਗਏ ਜਵਾਨ ਦਾ ਮੁੱਦਾ ਛਾਇਆ ਰਿਹਾ ਅਤੇ ਮੀਟਿੰਗ 'ਚ ਜ਼ੋਰ ਦੇ ਕੇ ਕਿਹਾ ਗਿਆ ਕਿ ਭੁਲੇਖੇ ਵਿੱਚ ਸਰਹੱਦ ਪਾਰ ਕਰਕੇ ਮਕਬੂਜ਼ਾ ਕਸ਼ਮੀਰ ਵਿੱਚ ਚਲੇ ਗਏ ਜਵਾਨ ਨੂੰ ਦੇਸ਼ ਵਾਪਸ ਲਿਆਂਦਾ ਜਾਵੇ।
ਗ੍ਰਹਿ ਰਾਜ ਮੰਤਰੀ ਹੰਸ ਰਾਜ ਅਧੀਰ ਨੇ ਮੀਟਿੰੰਗ ਨੂੰ ਜਾਣਕਾਰੀ ਦਿੱਤੀ ਕਿ ਕੰਟਰੋਲ ਰੇਖਾ ਪਾਰ ਕਰ ਗਏ ਜਵਾਨ ਨੂੰ ਦੇਸ਼ ਵਿਚ ਸੁਰੱਖਿਅਤ ਵਾਪਸ ਲਿਆਉਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਫੌਜ ਅਨੁਸਾਰ ਰਾਸ਼ਟਰੀ ਰਾਈਫਲਜ਼ ਦਾ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਅਤੇ ਇਸ ਦੀ ਸਰਜੀਕਲ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਸੰਬੰਧ ਵਿੱਚ ਡੀ ਜੀ ਐੱਮ ਓ ਵੱਲੋਂ ਪਾਕਿਸਤਾਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਜਵਾਨ ਨੂੰ ਭਾਰਤ ਵਾਪਸ ਭੇਜਣ ਲਈ ਕਿਹਾ ਗਿਆ ਹੈ। ਮੀਟਿਗ ਵਿੱਚ ਰਾਜਨਾਥ ਸਿੰਘ ਨੇ ਫੌਜ ਨੂੰ ਚੌਕਸੀ ਵਰਤਣ ਲਈ ਕਿਹਾ ਹੈ। ਉਨ੍ਹਾ ਨੇ ਫੌਜ ਨੂੰ ਪਾਕਿਸਤਾਨ ਦੀ ਹੇਰਕ ਸਰਗਰਮੀ 'ਤੇ ਨਜ਼ਰ ਰੱਖਣ ਦਾ ਹੁਕਮ ਦਿੱਤਾ। ਮੀਟਿੰਗ ਵਿਚ ਆਈ ਅਤੇ ਰਾਅ ਦੇ ਮੁਖੀਆਂ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ। ਮੀਟਿੰਗ ਵਿੱਚ ਫੌਜ ਦੇ ਤਿੰਨੇ ਅੰਗਾਂ ਨੂੰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਕਿਹਾ ਗਿਆ।