ਮਾਲਿਆ ਭਾਰਤ ਨਹੀਂ ਆਉਣਾ ਚਾਹੁੰਦਾ : ਈ ਡੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪਟਿਆਲਾ ਹਾਊਸ ਅਦਾਲਤ ਨੂੰ ਦੱਸਿਆ ਕਿ ਵਿਜੈ ਮਾਲਿਆ ਭਾਰਤ ਨਹੀਂ ਆਉਣਾ ਚਾਹੁੰਦੇ ਸਗੋਂ ਉਹ ਕੇਸ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਮਾਲਿਆ ਦਾ ਪਾਸਪੋਰਟ ਖਾਰਜ ਕੀਤਾ ਜਾ ਚੁੱਕਾ ਹੈ। ਅੱਜ ਕੇਸ ਦੀ ਸੁਣਵਾਈ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਉਹ ਅਦਾਲਤ 'ਚ ਆਉਣਾ ਚਾਹੁੰਦੇ ਹਨ, ਪਰ ਪਾਸਪੋਰਟ ਨਾ ਹੋਣ ਕਾਰਨ ਉਹ ਭਾਰਤ ਨਹੀਂ ਆ ਸਕਦੇ।
ਇਸ ਦੇ ਜੁਆਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦਸਿਆ ਕਿ ਮਾਲਿਆ ਜੇ ਭਾਰਤ ਆਉਣਾ ਚਾਹੁਣ ਤਾਂ ਕਾਨੂੰਨ 'ਚ ਅਜਿਹੀ ਵਿਵਸਥਾ ਹੈ ਕਿ ਹੰਗਾਮੀ ਹਾਲਤ ਕਿਸੇ ਵੀ ਵਿਅਕਤੀ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਸ ਦੌਰਾਨ ਅਦਾਲਤ ਨੇ ਮਾਲਿਆ ਦੇ ਵਕੀਲ ਨੂੰ ਕਾਨੂੰਨੀ ਦਸਤਾਵੇਜ਼ ਦੇਖਣ ਲਈ ਕੁਝ ਹੋਰ ਸਮਾਂ ਦਿੱਤਾ ਹੈ ਤਾਂ ਜੋ ਉਹ ਦੇਖਣ ਕਿ ਵਿਜੈ ਮਾਲਿਆ ਕਿਵੇਂ ਭਾਰਤ ਆ ਸਕਦਾ ਹੈ, ਜਿਸ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਜੇ ਮਾਲਿਆ ਭਾਰਤ ਆਉਣਾ ਚਾਹੁੰਦੇ ਹਨ ਤਾਂ ਉਹ ਭਾਰਤੀ ਦੂਤਘਰ ਨਾਲ ਸੰਪਰਕ ਕਰ ਸਕਦੇ ਹਨ, ਪਰ ਮਾਲਿਆ ਨੇ ਹੁਣ ਤੱਕ ਦੂਤਘਰ ਨਾਲ ਸੰਪਰਕ ਨਹੀਂ ਕੀਤਾ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਕੀਤੀ ਜਾਵੇਗੀ।