ਭਾਰਤ ਝੂਠ ਦਾ ਪੁਲੰਦਾ ਫੈਲਾ ਰਿਹੈ : ਰਾਹੀਲ ਸ਼ਰੀਫ਼

ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਰਾਹੀਲ ਸ਼ਰੀਫ਼ ਨੇ ਭਾਰਤ 'ਤੇ ਝੂਠ ਦਾ ਪੁਲੰਦਾ ਫੈਲਾਉਣ ਦਾ ਦੋਸ਼ ਲਾਇਆ ਹੈ ਅਤੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਖੈਬਰ ਪਖਤੂਨਵਾ ਸੂਬੇ ਦੇ ਰਿਸਾਲਪੁਰ 'ਚ ਪਾਕਿਸਤਾਨੀ ਹਵਾਈ ਫ਼ੌਜ ਦੇ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਰਾਹੀਲ ਨੇ ਕਿਹਾ ਕਿ ਅਸੀਂ ਹਾਲ 'ਚ ਭਿਅੰਕਰ ਨਿਰਾਸ਼ਾ ਦਾ ਮੰਦਭਾਗਾ ਪ੍ਰਦਰਸ਼ਨ ਦੇਖਿਆ ਹੈ, ਜਿਹੜਾ ਭਾਰਤ ਵੱਲੋਂ ਝੂਠ ਦਾ ਪੁਲੰਦਾ ਅਤੇ ਤਥਾ ਨੂੰ ਗਲਤ ਰੂਪ ਨਾਲ ਪੇਸ਼ ਕਰਨ ਦੇ ਮਾਧਿਅਮ ਨਾਲ ਕਸ਼ਮੀਰ ਦੇ ਅੰਦਰ ਅਤੇ ਕੰਟਰੋਲ ਰੇਖਾ 'ਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਫ਼ੌਜ ਮੁਖੀ ਨੇ ਕਿਹਾ ਕਿ ਸਾਨੂੰ ਕੌਮਾਂਤਰੀ ਭਾਈਚਾਰੇ ਤੋਂ ਆਸ ਹੈ ਕਿ ਉਹ ਅਜਿਹੇ ਦੇਸ਼ ਪ੍ਰਤੀ ਭਾਰਤ ਦੇ ਕਟਾਖ਼ਸ ਅਤੇ ਫ਼ਰਜ਼ੀਵਾੜੇ ਦੀ ਆਲੋਚਨਾ ਕਰੇਗਾ, ਜਿਸ ਨੇ ਅੱਤਵਾਦ ਵਿਰੁੱਧ ਵਿਸ਼ਵ ਲੜਾਈ 'ਚ ਬੇਮਿਸਾਲ ਯੋਗਦਾਨ ਦਿੱਤਾ ਹੈ। ਰਾਹੀਲ ਦੀ ਟਿਪਣੀ ਦਾ ਮਹੱਤਵ ਭਾਰਤ-ਪਾਕਿਸਤਾਨ ਵਿਚਕਾਰ ਮੌਜੂਦਾ ਤਣਾਅਪੂਰਨ ਸੰਬੰਧਾਂ ਕਾਰਨ ਹੋਰ ਵਧ ਗਿਆ ਹੈ। ਉੜੀ 'ਚ ਅੱਤਵਾਦੀ ਹਮਲੇ ਮਗਰੋਂ ਭਾਰਤ ਨੇ ਮਕਬੂਜ਼ਾ ਕਸ਼ਮੀਰ 'ਚ ਸਰਜੀਕਲ ਹਮਲਾ ਕੀਤਾ ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਅਜਿਹਾ ਕੋਈ ਹਮਲਾ ਨਹੀਂ ਹੋਇਆ। ਰਾਹੀਲ ਨੇ ਕਿਹਾ ਕਿ ਭਾਰਤ ਦੇ ਹਮਲਾਵਰ ਰੁਖ ਦਾ ਸਮੁਚਿਤ ਜੁਆਬ ਦਿੱਤਾ ਜਾਵੇਗਾ ਅਤੇ ਅਸੀਂ ਕਿਸੇ ਵੀ ਖ਼ਤਰੇ ਤੋਂ ਆਪਣੀ ਮਾਤਭੂਮੀ ਦੀ ਰਾਖੀ ਕਰਾਂਗੇ। ਉਨ੍ਹਾ ਕਿਹਾ ਕਿ ਦੁਸ਼ਮਣ ਦੇਸ਼ ਪਾਕਿਸਤਾਨ ਦੀ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਦੇਖ ਕੇ ਪ੍ਰੇਸ਼ਾਨ ਹੋ ਰਹੇ ਹਨ।