ਅੱਤਵਾਦੀ ਕੈਂਪਾਂ ਨਾਲ ਜ਼ਿੰਦਗੀ ਨਰਕ ਬਣੀ; ਮਕਬੂਜ਼ਾ ਕਸ਼ਮੀਰ ਦੇ ਲੋਕਾਂ ਕਿਹਾ

ਗਿਲਗਿਤ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਕੈਂਪਾਂ ਵਿਰੁੱਧ ਸਥਾਨਕ ਲੋਕਾਂ 'ਚ ਗੁੱਸਾ ਜੱਗ-ਜ਼ਾਹਿਰ ਹੋ ਗਿਆ ਹੈ। ਅੱਤਵਾਦੀ ਕੈਂਪਾਂ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਸਥਾਨਿਕ ਲੋਕਾਂ ਅਤੇ ਆਗੂਆਂ ਨੇ ਕਿਹਾ ਹੈ ਕਿ ਇਹਨਾਂ ਕੈਂਪਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣ ਗਈ ਹੈ। ਮਕਬੂਜ਼ਾ ਕਸ਼ਮੀਰ 'ਚ ਮੁਜ਼ੱਫਰਾਬਾਦ, ਕੋਟਲੀ, ਚਿਨਾਰੀ, ਮੀਰਪੁਰ, ਗਿਲਗਿਤ, ਕਿਅਮੇਰ ਅਤੇ ਨੀਲਮ ਘਾਟੀ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਇਲਾਕੇ 'ਚ ਅੱਤਵਾਦੀਆਂ ਦੀ ਸਿਖਲਾਈ ਲਈ ਚਲਾਏ ਜਾ ਰਹੇ ਕੈਂਪਾਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮਕਬੂਜ਼ਾ ਕਸ਼ਮੀਰ 'ਚ ਇਹ ਰੋਸ ਪ੍ਰਦਰਸ਼ਨ ਉਸ ਵੇਲੇ ਹੋ ਰਹੇ ਹਨ, ਜਦੋਂ ਪਾਕਿਸਤਾਨ ਨੇ ਕੰਟਰੋਲ ਰੇਖਾ ਪਾਰ ਇਸ ਇਲਾਕੇ 'ਚ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਦੇ ਸਰਜੀਕਲ ਹਮਲਿਆਂ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਸਰਕਾਰ ਅਤੇ ਸੁਰੱਖਿਆ ਬਲਾਂ ਤੋਂ ਇਹਨਾਂ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹਨਾਂ ਅੱਤਵਾਦੀ ਕੈਂਪਾਂ ਨੂੰ ਨਸ਼ਟ ਨਾ ਕੀਤਾ ਗਿਆ ਤਾਂ ਉਹ ਹਾਲਾਤ ਨੂੰ ਆਪਣੇ ਹੱਥ 'ਚ ਲੈਣ ਲਈ ਮਜਬੂਰ ਹੋਣਗੇ। ਖੁਫ਼ੀਆ ਰਿਪੋਰਟਾਂ ਮੁਤਾਬਕ ਸਰਹੱਦ ਪਾਰ 100 ਤੋਂ ਵੱਧ ਅੱਤਵਾਦੀ ਕੰਟਰੋਲ ਰੇਖਾ ਪਾਰ ਕਰਨ ਦੀ ਤਾਕ 'ਚ ਹਨ। ਖੁਫ਼ੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਕਸ਼ਮੀਰ 'ਚ ਹਿੰਸਾ ਭੜਕਾਉਣ ਲਈ ਵੱਡੀ ਗਿਣਤੀ ਅੱਤਵਾਦੀਆਂ ਨੂੰ ਬਰਫ਼ ਪੈਣ ਤੋਂ ਪਹਿਲਾਂ-ਪਹਿਲਾਂ ਭਾਰਤ ਭੇਜਣ ਦੀ ਕੋਸ਼ਿਸ਼ ਕਰੇਗਾ।