ਖੱਬੀ ਧਿਰ ਪੰਜਾਬ ਅਸੰਬਲੀ ਚੋਣਾਂ 'ਚ ਖੱਬਾ ਤੇ ਜਮਹੂਰੀ ਬਦਲ ਪੇਸ਼ ਕਰੇਗੀ : ਅਰਸ਼ੀ, ਵਿਰਦੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਖੱਬੀ ਧਿਰ ਆਉਂਦੀਆਂ ਅਸੰਬਲੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਸਾਂਝੇ ਤੌਰ 'ਤੇ ਖੱਬਾ ਤੇ ਜਮਹੂਰੀ ਬਦਲ ਪੇਸ਼ ਕਰੇਗੀ। ਇਸ ਮੰਤਵ ਵਾਸਤੇ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ (ਐੱਮ), ਆਰ.ਐੱਮ.ਪੀ.ਆਈ ਅਤੇ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ), ਜਿਹੜੀਆਂ ਪਿਛਲੇ ਤਿੰਨ ਸਾਲ ਤੋਂ 15 ਨੁਕਾਤੀ ਮੰਗ ਪੱਤਰ ਲਈ ਸਾਂਝਾ ਸੰਘਰਸ਼ ਕਰਦੀਆਂ ਆ ਰਹੀਆਂ ਹਨ, 19 ਅਕਤੂਬਰ 2016 ਨੂੰ ਚੰਡੀਗੜ੍ਹ ਵਿਖੇ ਆਪਣੀ ਮੀਟਿੰਗ ਕਰਨਗੀਆਂ। ਉਕਤ ਫੈਸਲਾ ਸੀ.ਪੀ.ਆਈ ਅਤੇ ਸੀ.ਪੀ.ਆਈ (ਐੱਮ) ਦੀ ਸੂਬਾਈ ਤਾਲਮੇਲ ਕਮੇਟੀ ਦੀ ਇਥੇ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ ਹੈ।
ਮੀਟਿੰਗ ਵਿੱਚ ਸੀ.ਪੀ.ਆਈ ਵੱਲੋਂ ਸਰਵਸਾਥੀ ਹਰਦੇਵ ਅਰਸ਼ੀ, ਭੁਪਿੰਦਰ ਸਾਂਬਰ, ਜਗਰੂਪ ਸਿੰਘ ਅਤੇ ਬੰਤ ਬਰਾੜ ਅਤੇ ਸੀ.ਪੀ.ਆਈ (ਐੱਮ) ਵੱਲੋਂ ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ, ਰਘੁਨਾਥ ਸਿੰਘ ਅਤੇ ਰਣਵੀਰ ਸਿੰਘ ਵਿਰਕ ਸ਼ਾਮਲ ਹੋਏ। ਮੀਟਿੰਗ ਨੇ ਪੰਜਾਬ 'ਚ ਆ ਰਹੀਆਂ ਅਸੰਬਲੀ ਚੋਣਾਂ ਦੇ ਸੰਦਰਭ ਵਿੱਚ ਪ੍ਰਾਪਤ ਰਾਜਨੀਤਕ ਸਥਿਤੀ ਦਾ ਵਿਸ਼ਲੇਸ਼ਣ ਕਰਕੇ ਸਿੱਟਾ ਕੱਢਿਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਸਖਤ ਸਥਾਪਤੀ ਵਿਰੋਧੀ ਲਹਿਰ ਚੱਲ ਰਹੀ ਹੈ, ਕਿਉਂਕਿ ਇਸ ਵੱਲੋਂ ਨਵ-ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਇਸਦਾ ਦੁਰਸ਼ਾਸਨ ਹੈ। ਲੋਕਾਂ ਦੇ ਭਖਦੇ ਮੁੱਦੇ ਸਿਖਰਾਂ ਛੂਹ ਰਹੀ ਮਹਿੰਗਾਈ, ਬੇਰੁਜ਼ਗਾਰੀ, ਨੌਜਵਾਨਾਂ ਦੀ ਨਸ਼ਿਆਂ ਰਾਹੀਂ ਬਰਬਾਦੀ, ਡੂੰਘਾ ਹੋ ਰਿਹਾ ਖੇਤੀ ਸੰਕਟ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਵਧ ਰਹੀਆਂ ਖਦੁਕੁਸ਼ੀਆਂ, ਸਰਕਾਰੀ ਪੁਸ਼ਤ-ਪਨਾਹੀ ਪ੍ਰਾਪਤ ਰੇਤਾ ਬੱਜਰੀ, ਕੇਬਲ, ਡਰੱਗ, ਜ਼ਮੀਨ ਹੜੱਪੂ ਮਾਫੀਏ ਦੀ ਲੁੱਟ ਤੇ ਖੱਜਲ ਖੁਆਰੀ, ਸਰਕਾਰੀ ਵਿੱਦਿਆ ਤੇ ਸਿਹਤ ਸੇਵਾਵਾਂ ਦਾ ਭੱਠਾ ਬੈਠਣਾ, ਅਮਨ-ਕਾਨੂੰਨ ਦੀ ਸਥਿਤੀ ਵਿੱਚ ਨਿਘਾਰ ਖਾਸ ਕਰ ਇਸਤਰੀਆਂ ਤੇ ਦਲਿਤਾਂ ਉਪਰ ਅਤਿਆਚਾਰ ਵਿੱਚ ਵਾਧਾ ਹਨ।
ਤਾਲਮੇਲ ਕਮੇਟੀ ਨੇ ਨੋਟ ਕੀਤਾ ਹੈ ਕਿ ਨਿਰਸੰਦੇਹ, ਕਾਂਗਰਸ ਅਤੇ ਟੁੱਟ-ਭੱਜ ਦਾ ਸ਼ਿਕਾਰ ਆਮ ਆਦਮੀ ਪਾਰਟੀ ਸਥਾਪਤੀ ਵਿਰੋਧੀ ਵੋਟ ਪ੍ਰਾਪਤ ਕਰਨ ਲਈ ਅੰਧਾਧੁੰਦ ਰੂਪ ਵਿੱਚ ਚੋਣ ਮੁਹਿੰਮ ਵਿੱਚ ਕੁੱਦੀਆਂ ਹੋਈਆਂ ਹਨ, ਪਰੰਤੂ ਉਹ ਪੰਜਾਬ ਦੇ ਲੋਕਾਂ ਦੇ ਭਖਦੇ ਮਸਲਿਆਂ ਦਾ ਢੁੱਕਵਾਂ ਹੱਲ ਕਰਨ ਲਈ ਨਵ-ਉਦਾਰਵਾਦੀ ਨੀਤੀਆਂ ਤੋਂ ਕੋਈ ਬਦਲਵੀਆਂ ਲੋਕ-ਪੱਖੀ ਨੀਤੀਆਂ ਪੇਸ਼ ਨਹੀਂ ਕਰ ਰਹੀਆਂ, ਸਿਵਾਏ ਗੈਰ-ਮੁੱਦਿਆਂ ਨੂੰ ਉਭਾਰਨ ਦੇ ਅਤੇ ਇਕ ਦੂਸਰੀ-ਪਾਰਟੀ ਵਿਰੁੱਧ ਖੋਖਲੀ ਤੋਹਮਤਬਾਜ਼ੀ ਤੇ ਗਾਲੀਗਲੋਚ ਦੇ।
ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਅਸੰਬਲੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਖੱਬਾ ਤੇ ਜਮਹੂਰੀ ਬਦਲ ਪੇਸ਼ ਕੀਤਾ ਜਾਵੇ। ਇਸ ਮੰਤਵ ਵਾਸਤੇ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ (ਐੱਮ), ਆਰ ਐੱਮ ਪੀ ਆਈ ਅਤੇ ਸੀ.ਪੀ.ਆਈ.ਐੱਮ.ਐੱਲ (ਲਿਬਰੇਸ਼ਨ) ਦੀ ਮੀਟਿੰਗ 19 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਬੁਲਾ ਲਈ ਗਈ ਹੈ।
ਸੂਬਾਈ ਤਾਲਮੇਲ ਕਮੇਟੀ ਨੇ ਭਾਰਤ-ਪਾਕਿ ਜੰਗ ਦੇ ਗੂੜ੍ਹੇ ਹੋ ਰਹੇ ਬੱਦਲਾਂ ਉਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੋਦੀ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਜੰਮੂ ਤੇ ਕਸ਼ਮੀਰ ਸਮੱਸਿਆ ਨੂੰ ਨਿਰੋਲ ਅਮਨ ਤੇ ਕਾਨੂੰਨ ਸਮੱਸਿਆ ਵਜੋਂ ਨਿਪਟਾਉਣ ਦੀ ਤੰਗ ਰਾਜਸੀ ਹਿੱਤਾਂ ਤੋਂ ਪ੍ਰੇਰਤ ਨੀਤੀ ਤਿਆਗੇ ਅਤੇ ਸਮੱਸਿਆ ਦੇ ਰਾਜਨੀਤਕ ਹੱਲ ਲਈ ਸੰਬੰਧਤ ਧਿਰਾਂ ਨਾਲ ਫੌਰੀ ਗੱਲਬਾਤ ਸ਼ੁਰੂ ਕਰੇ।
ਇਸਦੇ ਨਾਲ ਹੀ ਵਿਗੜ ਰਹੇ ਭਾਰਤ-ਪਾਕਿ ਸੰਬੰਧਾਂ ਦੇ ਮੁੱਦੇ ਨੂੰ ਸਿਫਾਰਤੀ ਕਦਮਾਂ ਉਪਰ ਵਧੇਰੇ ਟੇਕ ਰੱਖ ਕੇ ਵਿਗਾੜ ਤੋਂ ਬਚਾਏ।