ਰਾਹੁਲ ਬਾਰੇ ਭਾਜਪਾ ਆਗੂ ਵੱਲੋਂ ਸ਼ਰਮਨਾਕ ਬਿਆਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫੌਜ ਦੇ ਜਵਾਨਾਂ ਦੇ ਖੂਨ ਦੀ ਦਲਾਲੀ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਭਾਜਪਾ ਦੇ ਨਿਸ਼ਾਨੇ 'ਤੇ ਹੈ। ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਤਾਂ ਰਾਹੁਲ 'ਤੇ ਕੀਤੀ ਗਈ ਟਿੱਪਣਈ 'ਚ ਸ਼ਬਦਾਂ ਦੀ ਸਾਰੀ ਮਰਿਆਦਾ ਹੀ ਤੋੜ ਦਿੱਤੀ।
ਉਤਰ ਪ੍ਰਦੇਸ਼ ਦੇ ਫਤਿਪੁਰ ਸੀਕਰੀ ਤੋਂ ਸੰਸਦ ਮੈਂਬਰ ਚੌਧਰੀ ਬਾਬੂ ਲਾਲ ਨੇ ਕਾਂਗਰਸ ਉਪ ਪ੍ਰਧਾਨ 'ਤੇ ਬੇਹੱਦ ਇਤਰਾਜ਼ਯੋਗ ਬਿਆਨ ਦਿੱਤਾ ਹੈ। ਬਾਬੂ ਲਾਲ ਨੇ ਕਿਹਾ, 'ਇਹ ਲੋਕ ਸਾਡੀ ਫੌਜ 'ਤੇ ਉਂਗਲੀ ਉਠਾ ਰਹੇ ਹਨ, ਇਸ ਲਈ ਅਜਿਹੇ ਲੋਕਾਂ ਨੂੰ ਪਾਕਿਸਤਾਨ ਜਾਂ ਦੁਬਈ ਭੇਜ ਦੇਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੂੰ ਕਿਸ ਚੀਜ਼ ਦਾ ਸਬੂਤ ਚਾਹੀਦਾ ਹੈ, ਸਬੂਤ ਤਾਂ ਰਾਹੁਲ ਗਾਂਧੀ ਕੋਲ ਖੁਦ ਨਹੀਂ ਹੈ ਕਿ ਉਹ ਕਿਸ ਦੀ ਪੈਦਾਇਸ਼ ਹੈ।'
ਜ਼ਿਕਰਯੋਗ ਹੈ ਕਿ 28-29 ਸਤੰਬਰ ਦੀ ਰਾਤ ਨੂੰ ਭਾਰਤੀ ਫੌਜ ਨੇ ਕੰਟਰੋਲ ਰੇਖਾ ਪਾਰ ਕਰਕੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ 7 ਲਾਂਚ ਪੈਡ ਤਬਾਹ ਕਰ ਦਿੱਤੇ ਸਨ, ਹਾਲਾਂਕਿ ਪਾਕਿਸਤਾਨ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਰਿਹਾ ਹੈ। ਫੌਜ ਦੇ ਇਸ ਸਰਜੀਕਲ ਹਮਲੇ ਤੋਂ ਬਾਅਦ ਹੀ ਹੰਗਾਮਾ ਚੱਲਿਆ ਆ ਰਿਹਾ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਵਰਗੀਆਂ ਵਿਰੋਧੀ ਪਾਰਟੀਆਂ ਭਾਜਪਾ 'ਤੇ ਦੋਸ਼ ਲਾ ਰਹੀਆਂ ਹਨ ਕਿ ਭਾਜਪਾ ਚੋਣ ਫਾਇਦੇ ਲਈ ਫੌਜ ਦੀ ਕਾਰਵਾਈ ਨੂੰ ਵਰਤਣਾ ਚਾਹੁੰਦੀ ਹੈ, ਕਿਉਂਕਿ ਅਗਲੇ ਸਾਲ ਯੂ ਪੀ, ਪੰਜਾਬ ਸਮੇਤ ਕਈ ਰਾਜਾਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।