ਕੈਪਟਨ ਨੇ ਬਾਦਲ 'ਤੇ 32,000 ਕਰੋੜ ਦੀ ਘਪਲੇਬਾਜ਼ੀ ਦਾ ਦੋਸ਼ ਲਗਾਇਆ

ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਅਨਾਜ ਘੁਟਾਲੇ ਹੇਠ 32,000 ਕਰੋੜ ਦੀ ਘਪਲੇਬਾਜ਼ੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇਥੇ ਦੋਆਬਾ ਦੇ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਵੱਲੋਂ ਆਰ.ਬੀ.ਆਈ ਦੀ ਨਿਗਰਾਨੀ ਵਾਲੇ 32,000 ਕਰੋੜ ਰੁਪਏ ਦੇ ਅਨਾਜ ਦੇ ਗਾਇਬ ਹੋਣ ਨੂੰ ਕੋਈ ਘੁਟਾਲਾ ਨਾ ਦੱਸੇ ਜਾਣ ਦੀ ਸੀ.ਬੀ.ਆਈ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੂਬਾ ਸਰਕਾਰ ਖੁਦ ਕਬੂਲ ਕਰ ਚੁੱਕੀ ਹੈ ਕਿ ਅਨਾਜ ਗਾਇਬ ਹੈ। ਅਜਿਹੇ 'ਚ ਗੇਂਦ ਬਾਦਲ ਦੇ ਪਾਲੇ 'ਚ ਹੈ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਸਰਹੱਦੀ ਪਿੰਡਾਂ ਦੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰ ਖਾਲੀ ਕਰਵਾ ਕੇ ਪ੍ਰੇਸ਼ਾਨ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾਂ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਲਈ ਬਾਦਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੇ ਬਗੈਰ ਕੇਂਦਰ ਤੋਂ ਐਡਵਾਇਜ਼ਰੀ ਮਿਲਣ ਤੋਂ ਬਾਅਦ ਪਿੰਡਾਂ ਵਾਲਿਆਂ ਨੂੰ ਖਾਲੀ ਕਰਨ ਲਈ ਕਹਿ ਦਿੱਤਾ। ਉਨ੍ਹਾਂ ਦੁਹਰਾਇਆ ਕਿ ਇਸ ਖਾਲੀ ਕਰਵਾਏ ਜਾਣ ਦਾ ਉਦੇਸ਼ ਉੱਤਰ ਪ੍ਰਦੇਸ਼ ਦੀਆਂ ਚੋਣਾਂ 'ਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਖਾਤਰ ਜੰਗ ਦਾ ਮਾਹੌਲ ਪੈਦਾ ਕਰਨਾ ਸੀ। ਇਸ ਸਾਰੇ ਘਟਨਾਕ੍ਰਮ 'ਤੇ ਅਕਾਲੀਆਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਉਹ ਸਰਹੱਦੀ ਇਲਾਕਿਆਂ 'ਚ ਉਦਯੋਗਾਂ ਵਾਸਤੇ ਵਿਸ਼ੇਸ਼ ਰਿਆਇਤਾਂ ਦੀ ਮੰਗ ਕਰੇਗੀ, ਜਿਵੇਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਸੂਬਿਆਂ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਉਦਯੋਗਾਂ ਨੂੰ ਸਰਹੱਦੀ ਇਲਾਕਿਆਂ 'ਚ ਉਤਸ਼ਾਹਿਤ ਕੀਤਾ ਜਾਵੇ, ਜਿਹੜੇ ਨੌਕਰੀਆਂ ਪੈਦਾ ਕਰਨ 'ਚ ਵਾਧਾ ਕਰਨਗੇ।
ਇਸ ਦੌਰਾਨ ਉਨ੍ਹਾਂ ਸਾਬਕਾ ਫੌਜੀਆਂ ਨੂੰ ਪੰਜਾਬ ਦੇ ਹਿੱਤ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਸਹਾਇਤਾ ਕਰਨ ਤੇ ਸਮੱਰਥਨ ਦੇਣ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਹਰੇਕ ਪੰਜਾਬੀ ਦੇ ਚਿਹਰੇ 'ਤੇ ਖੁਸ਼ੀ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਹ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ ਅਤੇ ਉਹ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਅੱਗੇ ਆਵੇ ਤੇ ਉਨ੍ਹਾਂ ਨੂੰ ਵੀ ਮੌਕਾ ਮਿਲੇ।
ਬਾਅਦ 'ਚ ਕੁਝ ਪਾਰਟੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣ ਬਾਰੇ ਇਕ ਸਵਾਲ ਦੇ ਜਵਾਬ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ 'ਚ ਅਨੁਸ਼ਾਸਨਹੀਣਤਾ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਫਟੀਨੈਂਟ ਜਨਰਲ ਟੀ.ਐੱਸ ਸ਼ੇਰਗਿੱਲ, ਲੈਫਟੀਨੈਂਟ ਜਨਰਲ ਜਸਬੀਰ ਸਿੰਘ ਧਾਲੀਵਾਲ, ਮੇਜਰ ਜਨਰਲ ਐੱਸ.ਪੀ.ਐੱਸ ਗਰੇਵਾਲ, ਕੈਪਟਨ ਹਰਮਿੰਦਰ ਸਿੰਘ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਉੜੀ ਅੱਤਵਾਦੀ ਹਮਲੇ ਦੇ ਸ਼ਹੀਦਾਂ ਦੀ ਯਾਦ 'ਚ ਇਕ ਮਿੰਟ ਦੇ ਮੌਨ ਨਾਲ ਸ਼ੁਰੂ ਹੋਇਆ।