ਆਰ ਐੱਸ ਐੱਸ ਨੇ ਸਰਜੀਕਲ ਅਪਰੇਸ਼ਨ ਬਾਰੇ ਕੀਤਾ ਵੱਡਾ ਖੁਲਾਸਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਰਜੀਕਲ ਅਪਰੇਸ਼ਨ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਨੇ ਆਪਣੇ ਅਖ਼ਬਾਰ ਆਰਗੇਨਾਈਜ਼ਰ 'ਚ ਇੱਕ ਅਹਿਮ ਖੁਲਾਸਾ ਕੀਤਾ ਹੈ। ਆਰਗੇਨਾਈਜ਼ਰ 'ਚ ਲਿਖਿਆ ਹੈ ਕਿ ਭਾਰਤੀ ਫ਼ੌਜ ਨੇ ਸਰਜੀਕਲ ਅਪਰੇਸ਼ਨ 'ਚ ਅੱਤਵਾਦੀਆਂ ਦੇ 5 ਲਾਂਚ ਪੈਡ ਦੇ ਨਾਲ-ਨਾਲ ਪਾਕਿਸਤਾਨੀ ਫ਼ੌਜ ਦੀਆਂ ਦੋ ਚੌਕੀਆਂ ਨੂੰ ਵੀ ਤਬਾਹ ਕਰ ਦਿੱਤਾ ਸੀ। ਇਸ ਸਮਾਚਾਰ ਪੱਤਰ 'ਚ ਲਿਖਿਆ ਗਿਆ ਹੈ ਕਿ ਸਰਜੀਕਲ ਅਪਰੇਸ਼ਨ ਦਾ ਸਮਾਂ 28 ਸਤੰਬਰ ਦੀ ਅੱਧੀ ਰਾਤ ਸੀ। ਇਹ ਸਮਾਂ ਐਚ ਆਰ ਦਾ ਸੀ। ਫ਼ੌਜ ਦੀ ਭਾਸ਼ਾ 'ਚ ਐਚ ਆਰ ਨੂੰ ਹਮਲੇ ਦਾ ਸਮਾਂ ਮੰਨਿਆ ਜਾਂਦਾ ਹੈ। ਆਰ ਐਸ ਐਸ ਦੇ ਅਖ਼ਬਾਰ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਪਾਕਿਸਤਾਨੀ ਫ਼ੌਜ ਦੀਆਂ ਦੋਵੇਂ ਚੌਕੀਆਂ ਅੱਤਵਾਦੀਆਂ ਦੇ ਲਾਂਚ ਪੈਡ ਨਾਲ ਬਣੀਆਂ ਹੋਈਆਂ ਸਨ। ਭਾਰਤੀ ਫ਼ੌਜ ਦੇ ਹਮਲੇ 'ਚ ਪਾਕਿਸਤਾਨੀ ਫ਼ੌਜ ਦੀਆਂ ਦੋ ਚੌਕੀਆਂ ਵੀ ਤਬਾਹ ਹੋ ਗਈਆਂ। ਅਖ਼ਬਾਰ 'ਚ ਲਿਖਿਆ ਗਿਆ ਹੈ ਕਿ ਭਾਰਤੀ ਸੈਨਾ ਦਾ ਨਿਸ਼ਾਨਾ ਉੜੀ ਦੀ 19ਵੀਂ ਡਿਵੀਜ਼ਨ, ਕੁਪਵਾੜਾ ਦੀ 28ਵੀਂ ਡਿਵੀਜ਼ਨ ਅਤੇ ਰਾਜੌਰੀ ਦੀ 25ਵੀਂ ਡਿਵੀਜ਼ਨ ਦੇ ਅਧਿਕਾਰ ਖੇਤਰ 'ਚ ਸ਼ਾਮਲ ਸੀ।
ਆਰ ਐਸ ਐਸ ਨੇ ਫ਼ੌਜ ਦੇ ਸਰਜੀਕਲ ਹਮਲੇ ਬਾਰੇ ਅਹਿਮ ਤੱਥਾਂ ਨੂੰ ਪ੍ਰਕਾਸ਼ਿਤ ਕੀਤਾ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣਾ ਸੀ ਕਿ ਭਾਰਤ ਅੱਤਵਾਦੀਆਂ ਨੂੰ ਸਜ਼ਾ ਦੇਵੇਗਾ। ਦਰਅਸਲ ਇਸ ਹਮਲੇ ਨੂੰ ਲੈ ਕੇ ਰੂਸ 'ਚ ਕਾਫ਼ੀ ਹਲਚਲ ਹੋਈ ਸੀ। ਇਥੇ ਹੀ ਬੱਸ ਨਹੀਂ ਅਗਲੇ ਦੋ ਦਿਨ 28 ਅਤੇ 29 ਸਤੰਬਰ ਨੂੰ ਕਾਫ਼ੀ ਚਹਿਲ-ਪਹਿਲ ਰਹੀ। ਸਾਰੀ ਫ਼ੌਜ ਇਹਨਾ ਦੋ ਦਿਨਾਂ ਦੌਰਾਨ ਕਾਫ਼ੀ ਸਰਗਰਮ ਰਹੀ। ਅੱਤਵਾਦੀ ਕੈਂਪਾਂ ਅਤੇ ਉਥੇ ਮੌਜੂਦ ਪਾਕਿਸਤਾਨੀ ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਆਪਣਾ ਕੰਮ ਮੁਕੰਮਲ ਕਰਨ ਤੋਂ ਬਾਅਦ ਭਾਰਤੀ ਫ਼ੌਜ ਸੁਰੱਖਿਅਤ ਵਾਪਸ ਪਰਤ ਆਈ।